ਕਰੋੜਪਤੀ ਲੋਕਾਂ ਦੀ ਪਹਿਲੀ ਪਸੰਦ ਹੈ ਆਸਟ੍ਰੇਲੀਆ, ਕਰ ਰਹੇ ਨੇ ਚੰਗਾ ਕਾਰੋਬਾਰ

02/06/2018 3:55:38 PM

ਮੈਲਬੌਰਨ— ਆਸਟ੍ਰੇਲੀਆ ਜਿੱਥੇ ਲੋਕਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ, ਉੱਥੇ ਹੀ ਕਾਰੋਬਾਰ ਦੇ ਲਿਹਾਜ਼ ਨਾਲ ਵੀ ਮਨਪੰਸਦ ਥਾਂ ਹੈ। ਆਸਟ੍ਰੇਲੀਆ ਕਰੋੜਪਤੀ ਲੋਕਾਂ ਲਈ ਖਾਸ ਥਾਂ ਹੈ, ਜਿੱਥੇ ਆ ਕੇ ਉਹ ਹੋਰ ਵੀ ਵਧੇਰੇ ਪੈਸੇ ਕਮਾ ਕੇ ਹੋਰ ਵੀ ਅਮੀਰ ਹੋ ਸਕਦੇ ਹਨ। ਇਹ ਗੱਲ ਨਿਊ ਵਰਲਡ ਵੈਲਥ ਦੀ ਵਿਸ਼ਲੇਸ਼ਣ ਰਿਪੋਰਟ 'ਚ ਸਾਹਮਣੇ ਆਈ ਹੈ। ਨਿਊ ਵਰਲਡ ਵੈਲਥ ਦੇ ਸਰਵੇ ਵਿਚ ਕਿਹਾ ਗਿਆ ਹੈ ਕਿ 2017 'ਚ ਦੂਜੇ ਦੇਸ਼ਾਂ ਦੇ ਅਮੀਰ ਲੋਕ ਇੱਥੇ ਆ ਕੇ ਵਸ ਗਏ ਹਨ ਅਤੇ ਆਪਣਾ ਕਾਰੋਬਾਰ ਕਰ ਰਹੇ ਹਨ। ਆਸਟ੍ਰੇਲੀਆ ਦੇ ਜਿਨ੍ਹਾਂ ਸ਼ਹਿਰਾਂ ਵਿਚ ਇਹ ਕਰੋੜਪਤੀ ਵਸੇ ਹਨ, ਉਹ ਹਨ— ਮੈਲਬੌਰਨ, ਸਿਡਨੀ, ਗੋਲਡ ਕੋਸਟ, ਸਨਸ਼ਾਈਨ ਕੋਸਟ, ਪਰਥ ਅਤੇ ਬ੍ਰਿਸਬੇਨ। 
ਇੱਥੇ ਦੱਸ ਦੇਈਏ ਕਿ ਆਸਟ੍ਰੇਲੀਆ ਦੁਨੀਆ ਭਰ ਵਿਚ ਨੰਬਰ-1 ਰਹਿਣਯੋਗ ਦੇਸ਼ ਹੈ। ਪਿਛਲੇ ਕਈ ਸਾਲਾਂ ਤੋਂ ਆਸਟ੍ਰੇਲੀਆ, ਅਮਰੀਕਾ, ਯੂ. ਕੇ. ਨੂੰ ਹਰਾਉਂਦਾ ਆ ਰਿਹਾ ਹੈ, ਕਿਉਂਕਿ ਕਾਰੋਬਾਰ ਅਤੇ ਰਹਿਣਯੋਗ ਮਨਪਸੰਦ ਥਾਂ ਹੋਣ ਕਾਰਨ ਅਮਰੀਕਾ ਨਾਲੋਂ ਹੁਣ ਇਹ ਦੇਸ਼ ਕਾਫੀ ਅਮੀਰ ਹੈ, ਜੋ 10 ਸਾਲ ਪਹਿਲਾਂ ਨਹੀਂ ਸੀ। ਜੇਕਰ ਗੱਲ ਭਾਰਤੀਆਂ ਦੀ ਕੀਤੀ ਜਾਵੇ ਤਾਂ ਸਾਲ 2017 'ਚ ਤਕਰੀਬਨ 7,000 ਭਾਰਤੀ ਜੋ ਕਿ ਕਰੋੜਪਤੀ ਸਨ, ਉਹ ਭਾਰਤ ਤੋਂ ਬਾਹਰਲੇ ਦੇਸ਼ਾਂ ਵਿਚ ਚਲੇ ਗਏ, ਜਿਨ੍ਹਾਂ 'ਚੋਂ ਕੁਝ ਲੋਕ ਆਸਟ੍ਰੇਲੀਆ ਆ ਕੇ ਵਸੇ। ਗਲੋਬਲ ਵੈਲਥ ਮਾਈਗ੍ਰੇਸ਼ਨ ਰਿਵਿਊ 'ਚ ਦੱਸਿਆ ਗਿਆ ਹੈ ਕਿ ਕਰੀਬ 10,000 ਕਰੋੜਪਤੀ ਇੱਥੇ ਆ ਚੁੱਕੇ ਹਨ। ਇਨ੍ਹਾਂ ਪ੍ਰਵਾਸੀ ਲੋਕਾਂ ਕੋਲ ਇਕ ਲੱਖ ਯੂ. ਐਸ. ਏ. ਮਿਲੀਅਨ ਡਾਲਰ ਤੋਂ ਵਧੇਰੇ ਜਾਇਦਾਦ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਬੀਤੇ ਦਿਨੀਂ ਇਕ ਸਰਵੇ 'ਚ ਇਹ ਵੀ ਗੱਲ ਸਾਹਮਣੇ ਆਈ ਸੀ ਕਿ ਆਸਟ੍ਰੇਲੀਆ ਦਾ ਸ਼ਹਿਰ ਮੈਲਬੌਰਨ ਲੋਕਾਂ ਦੀ ਪਹਿਲੀ ਪਸੰਦ ਹੈ, ਜਿੱਥੇ ਉਹ ਰਹਿਣਾ ਪਸੰਦ ਕਰਦੇ ਹਨ। ਇਸ ਸ਼ਹਿਰ ਨੂੰ ਲੋਕ ਖੁਸ਼ਹਾਲ ਸ਼ਹਿਰ ਦੱਸਦੇ ਹਨ।