ਆਸਟ੍ਰੇਲੀਆ 'ਚ ਗਰਮੀ ਕਾਰਨ ਲੋਕ ਪ੍ਰੇਸ਼ਾਨ, ਜੰਗਲੀ ਅੱਗ ਨੇ ਵਧਾਇਆ ਸੇਕ

11/28/2019 3:03:37 PM

ਸਿਡਨੀ— ਆਸਟ੍ਰੇਲੀਆ 'ਚ ਬੇਹੱਦ ਗਰਮ ਅਤੇ ਖੁਸ਼ਕ ਮੌਸਮ ਨੇ ਲੋਕਾਂ ਦੇ ਜੀਵਨ ਨੂੰ ਮੁਸ਼ਕਲ ਬਣਾ ਰੱਖਿਆ ਹੈ ਅਤੇ ਇਸ ਵਿਚਕਾਰ ਮੌਸਮ ਵਿਭਾਗ ਵਲੋਂ ਇਸ ਸਥਿਤੀ ਦੇ ਲਗਾਤਾਰ ਬਣੇ ਰਹਿਣ ਦੀਆਂ ਦਿੱਤੀਆਂ ਜਾਣ ਵਾਲੀਆਂ ਖਬਰਾਂ ਨੇ ਹੋਰ ਪ੍ਰੇਸ਼ਾਨੀਆਂ ਵਧਾ ਦਿੱਤੀਆਂ ਹਨ। ਆਸਟ੍ਰੇਲੀਆ ਦੇ ਇਕ ਵੱਡੇ ਹਿੱਸੇ 'ਚ ਗਰਮ ਅਤੇ ਖੁਸ਼ਕ ਮੌਸਮ ਕਾਰਨ ਜੰਗਲਾਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਵੀ ਵਧ ਗਈਆਂ ਹਨ। ਖਰਾਬ ਮੌਸਮ ਕਾਰਨ ਕਿਸਾਨ ਅਤੇ ਉਨ੍ਹਾਂ ਦੇ ਜਾਨਵਰ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਅਤੇ ਕਈ ਖੇਤਰਾਂ 'ਚ ਪਾਣੀ ਦੀ ਕਮੀ ਹੋ ਗਈ ਹੈ। ਬਿਊਰੋ ਆਫ ਮੈਟਰੋਲਾਜੀ ਦੇ ਮੁਖੀ ਮੁਤਾਬਕ ਵਰਤਮਾਨ ਸਥਿਤੀ ਲਈ ਪਾਜ਼ੀਟਿਵ ਇੰਡੀਅਨ ਓਸ਼ੀਅਨ ਡਿਪੋਲ (ਆਈ. ਓ. ਡੀ.) ਜ਼ਿੰਮੇਵਾਰ ਹੈ।

ਉਨ੍ਹਾਂ ਕਿਹਾ,''ਪਾਜ਼ੀਟਿਵ ਆਈ. ਓ. ਡੀ. ਕਾਰਨ ਸਾਡੇ ਦੇਸ਼ ਦੇ ਵਧੇਰੇ ਹਿੱਸਿਆਂ 'ਚ ਮੀਂਹ ਬਹੁਤ ਘੱਟ ਪੈਂਦਾ ਹੈ ਅਤੇ ਤਾਪਮਾਨ ਸਾਧਾਰਣ ਤੋਂ ਬਹੁਤ ਜ਼ਿਆਦਾ ਹੋ ਜਾਂਦਾ ਹੈ। ਪਾਜ਼ੀਟਿਵ ਆਈ. ਓ. ਡੀ. ਕਾਰਨ ਗਰਮੀਆਂ 'ਚ ਹੋਣ ਵਾਲੀ ਟਰੋਪੀਕਲ ਬਾਰਸ਼ ਲਈ ਜ਼ਿੰਮੇਵਾਰ ਉੱਤਰੀ ਮਾਨਸੂਨ ਦੇ ਵੀ ਦੇਰ ਨਾਲ ਆਉਣ ਦਾ ਖਦਸ਼ਾ ਹੈ। ਉਨ੍ਹਾਂ ਨੇ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ ਕਿਉਂਕਿ ਆਉਣ ਵਾਲੇ ਮਹੀਨਿਆਂ 'ਚ ਮੌਸਮ ਹੋਰ ਖਰਾਬ ਹੋ ਸਕਦਾ ਹੈ। ਇਸ ਨਾਲ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧ ਸਕਦੀਆਂ ਹਨ।