ਵਿਕਟੋਰੀਆ 'ਚ ਪੰਜਾਬੀ ਵਿਦਿਆਰਥੀਆਂ 'ਤੇ ਡਿੱਗਿਆ ਮੁਸੀਬਤਾਂ ਦਾ ਪਹਾੜ, ਸਰਕਾਰ ਨੇ ਬੰਦ ਕੀਤੇ  5 ਕਾਲਜ

09/27/2017 3:20:47 PM

ਮੈਲਬਰਨ- ਆਸਟ੍ਰੇਲੀਆ ਸਰਕਾਰ ਨੇ ਪੰਜ ਕਾਲਜ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜਿਸ ਕਾਰਨ ਇਨ੍ਹਾਂ ਕਾਲਜਾਂ 'ਚ ਪੜ੍ਹ ਰਹੇ ਸੈਂਕੜੇ ਪੰਜਾਬੀ ਨੌਜਵਾਨਾਂ 'ਤੇ ਮੁਸੀਬਤਾਂ ਦਾ ਪਹਾੜ ਡਿੱਗ ਪਿਆ ਹੈ। ਬੰਦ ਕੀਤੇ ਜਾ ਰਹੇ ਕਾਲਜਾਂ ਵਿਚ ਭਾਰਤੀ ਮੂਲ ਦੇ ਇੰਤਾਜ ਖਾਨ ਦੀ ਸਿਖਲਾਈ ਸੰਸਥਾ ਵੀ ਸ਼ਾਮਲ ਹੈ, ਜੋ ਲੇਬਰ ਪਾਰਟੀ ਦੇ ਕੌਂਸਲਰ ਹਨ। ਆਸਟ੍ਰੇਲੀਆ ਸਰਕਾਰ ਦੀ ਇਸ ਕਾਰਵਾਈ ਨਾਲ ਭਾਰਤ ਸਮੇਤ ਹੋਰ ਮੁਲਕਾਂ ਤੋਂ ਵਿਦਿਆਰਥੀ ਵੀਜ਼ੇ 'ਤੇ ਆਏ ਵਿਦਿਆਰਥੀਆਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਕੱਲੇ ਇੰਤਾਜ ਖਾਨ ਦੀ ਸਿਖਲਾਈ ਸੰਸਥਾ ਵਿਚ 35 ਮੁਲਕਾਂ ਦੇ ਕਰੀਬ 600 ਵਿਦਿਆਰਥੀ ਪੜ੍ਹ ਰਹੇ ਨੇ, ਇਨ੍ਹਾਂ 'ਚੋਂ 62 ਫੀਸਦੀ ਭਾਰਤੀ ਪੰਜਾਬੀ ਹਨ, ਬਾਕੀ 38 ਫੀਸਦੀ ਵਿਦਿਆਰਥੀ ਜਰਮਨੀ, ਇਟਲੀ, ਕਜ਼ਾਕਿਸਤਾਨ, ਪਾਕਿਸਤਾਨ, ਨੇਪਾਲ, ਮੌਰੀਸ਼ਸ, ਤੁਰਕੀ, ਸਪੇਨ ਤੇ ਬ੍ਰਾਜ਼ੀਲ ਤੋਂ ਹਨ। ਸਿੱਖਿਆ ਸੰਸਥਾਵਾਂ 'ਤੇ ਮਿਆਰੀ ਸਹੂਲਤਾਂ ਮੁਹੱਈਆ ਨਾ ਕਰਵਾਉਣ, ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਕਰਨ, ਸਰਕਾਰੀ ਫੰਡਾਂ ਨੂੰ ਚੂਨਾ ਲਾਉਣ ਅਤੇ ਨਕਲ ਕਰਵਾਉਣ ਦੇ ਵੀ ਦੋਸ਼ ਲੱਗੇ ਹਨ। ਸਰਕਾਰ ਵਲੋਂ ਇੰਤਾਜ ਖਾਨ ਦੇ ਸੰਸਥਾਨ ਨੂੰ ਸਾਲਾਨਾ 50 ਲੱਖ ਡਾਲਰ ਦੀ ਗ੍ਰਾਂਟ ਦਿੱਤੀ ਜਾਂਦੀ ਸੀ, ਜੋ ਲੇਬਰ ਪਾਰਟੀ ਦਾ ਕੌਂਸਲਰ ਵੀ ਹੈ।