G7 ਦਾ ਮੈਂਬਰ ਨਾ ਹੋਣ ਦੇ ਬਾਵਜੂਦ ਆਸਟ੍ਰੇਲੀਆ ਨੂੰ ਫਰਾਂਸ ਵਲੋਂ ਮਿਲਿਆ ਖਾਸ ਸੱਦਾ

08/25/2019 2:43:22 PM

ਸਿਡਨੀ— ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਫਰਾਂਸ ਪੁੱਜ ਗਏ ਹਨ, ਜਿੱਥੇ ਜੀ-7 ਸੰਮੇਲਨ ਦੀ ਮੀਟਿੰਗ ਹੋਣੀ ਹੈ। ਹਾਲਾਂਕਿ ਆਸਟ੍ਰੇਲੀਆ ਜੀ-7 ਸੰਮੇਲਨ ਦਾ ਹਿੱਸਾ ਨਹੀਂ ਹੈ ਪਰ ਫਰਾਂਸ ਦੇ ਖਾਸ ਸੱਦੇ 'ਤੇ ਮੌਰੀਸਨ ਉੱਥੇ ਗਏ ਹਨ। ਆਸਟ੍ਰੇਲੀਆ ਪਹਿਲੀ ਵਾਰ ਇਸ ਸੰਮੇਲਨ 'ਚ ਸ਼ਾਮਲ ਹੋ ਰਿਹਾ ਹੈ ਅਤੇ ਇਹ ਤਿੰਨ ਦਿਨਾਂ ਦੇ ਸੰਮੇਲਨ 'ਚ ਆਬਜ਼ਰਵਰ ਦੀ ਭੂਮਿਕਾ ਨਿਭਾਵੇਗਾ। ਰਵਾਨਾ ਹੋਣ ਤੋਂ ਪਹਿਲਾਂ ਪੀ. ਐੱਮ. ਮੌਰੀਸਨ ਨੇ ਕਿਹਾ ਕਿ ਇਹ ਸਾਡੇ ਕੋਲ ਇੰਡੋ-ਪੈਸੀਫਿਕ ਨਜ਼ਰੀਏ ਨੂੰ ਸਾਂਝਾ ਕਰਨ ਦਾ ਮੌਕਾ ਹੈ।
 

ਜੀ-7 ਸੰਮੇਲਨ 'ਚ ਜਰਮਨੀ, ਫਰਾਂਸ, ਇਟਲੀ, ਬ੍ਰਿਟੇਨ, ਅਮਰੀਕਾ, ਕੈਨੇਡਾ ਅਤੇ ਜਾਪਾਨ ਸ਼ਾਮਲ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮੌਰੀਸਨ ਨੂੰ ਖਾਸ ਸੱਦਾ ਦੇਣ ਦਾ ਮਕਸਦ ਫਰਾਂਸ ਦੇ ਰਾਸ਼ਟਰਪਤੀ ਨਾਲ ਉਨ੍ਹਾਂ ਦੇ ਚੰਗੇ ਸਬੰਧ ਹੋ ਸਕਦੇ ਹਨ ਜਾਂ ਫਿਰ ਆਸਟ੍ਰੇਲੀਆ ਤੇ ਅਮਰੀਕਾ ਦੇ ਚੰਗੇ ਸਬੰਧਾਂ ਕਾਰਨ ਅਜਿਹਾ ਕੀਤਾ ਗਿਆ ਹੋਵੇ। ਕਈ ਮਾਹਿਰਾਂ ਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਨੂੰ ਹਰ ਵਾਰ ਅਜਿਹਾ ਖਾਸ ਸੱਦਾ ਮਿਲਦਾ ਰਹੇਗਾ। ਇਸ ਮੌਕੇ ਮੌਰੀਸਨ ਪ੍ਰਧਾਨ ਮੰਤਰੀ ਮੋਦੀ ਨਾਲ ਮਿਲ ਸਕਦੇ ਹਨ ਕਿਉਂਕਿ ਪੀ. ਐੱਮ. ਨਰਿੰਦਰ ਮੋਦੀ ਵੀ ਫਰਾਂਸ ਪੁੱਜ ਰਹੇ ਹਨ।

ਜ਼ਿਕਰਯੋਗ ਹੈ ਕਿ ਜੂਨ 2019 'ਚ ਜਾਪਾਨ ਦੇ ਓਸਾਕਾ 'ਚ ਜੀ-20 'ਚ ਸ਼ਾਮਲ ਹੋਣ ਗਏ ਮੋਦੀ ਤੇ ਮੌਰੀਸਨ ਦੀ ਇਕ ਸੈਲਫੀ ਬਹੁਤ ਵਾਇਰਲ ਹੋਈ ਸੀ, ਜਿਸ ਨੂੰ ਮੌਰੀਸਨ ਨੇ 'ਕਿਤਨਾ ਅੱਛਾ ਹੈ ਮੋਦੀ' ਲਿਖ ਕੇ ਸਾਂਝਾ ਕੀਤਾ ਸੀ।