ਦਰਦਨਾਕ : ਜੰਗਲ ਦੀ ਅੱਗ ਨਾਲ ਮੌਤ ਦੇ ਮੂੰਹ 'ਚ ਗਏ ਕਰੋੜਾਂ ਬੇਜੁਬਾਨ,  ਕੋਆਲਾ ਦੀ ਆਬਾਦੀ ਵੀ ਹੋਈ ਅੱਧੀ

01/06/2020 3:43:34 PM

ਸਿਡਨੀ— ਆਸਟ੍ਰੇਲੀਆ ਦੇ ਜੰਗਲਾਂ 'ਚ ਫੈਲੀ ਭਿਆਨਕ ਅੱਗ ਕਾਰਨ ਹੁਣ ਤਕ ਲਗਭਗ ਕਰੋੜਾਂ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਆਸਟ੍ਰੇਲੀਆ ਬਹੁਤ ਦਰਦ ਭਰੇ ਸਮੇਂ 'ਚੋਂ ਲੰਘ ਰਿਹਾ ਹੈ। ਜਾਨਵਰ ਜਾਨਾਂ ਬਚਾਉਣ ਲਈ ਜੰਗਲਾਂ 'ਚੋਂ ਸੜਕਾਂ ਵੱਲ ਭੱਜ ਰਹੇ ਹਨ। ਕਈ ਜ਼ਖਮੀ ਤੇ ਪਿਆਸੇ ਜਾਨਵਰਾਂ ਨੂੰ ਲੋਕਾਂ ਵਲੋਂ ਮਦਦ ਵੀ ਮਿਲ ਰਹੀ ਹੈ ਤੇ ਲੋਕ ਇਸ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਨ। ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ 'ਚ ਅੱਗ ਲੱਗਣ ਕਾਰਨ ਹੁਣ ਤਕ 50 ਕਰੋੜ ਜੰਗਲੀ ਜਾਨਵਰਾਂ ਦੀ ਮੌਤ ਹੋ ਚੁੱਕੀ ਹੈ। ਸ਼ਾਇਦ ਹੀ ਕਦੇ ਇੰਨੀ ਵੱਡੀ ਗਿਣਤੀ 'ਚ ਜਾਨਵਰਾਂ ਦੀ ਮੌਤ ਹੋਈ ਹੋਵੇ। ਇਨ੍ਹਾਂ ਬੇਜ਼ੁਬਾਨਾਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡਆ 'ਤੇ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ ਤੇ ਲੋਕ ਆਪਣੇ ਦਰਦ ਲਿਖ ਕੇ ਸਾਂਝੇ ਕਰ ਰਹੇ ਹਨ।

ਦਰੱਖਤਾਂ 'ਤੇ ਰਹਿਣ ਵਾਲੇ ਬਹੁਤ ਹੀ ਪਿਆਰੇ ਜਾਨਵਰ ਕੋਆਲਾ ਦੀ ਆਬਾਦੀ ਵੀ ਅੱਧੀ ਰਹਿ ਗਈ ਹੈ। ਅੱਗ ਬੁਝਾਉਣ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਥਾਂ-ਥਾਂ ਝੁਲਸ ਕੇ ਮਰੇ ਹੋਏ ਕੋਆਲਾ ਦੀਆਂ ਲਾਸ਼ਾਂ ਮਿਲੀਆਂ, ਜਿਸ ਨੂੰ ਦੇਖ ਕੇ ਦਿਲ ਪਸੀਜ ਗਿਆ।

ਆਸਟ੍ਰੇਲੀਆ ਦੇ ਕੰਗਾਰੂ ਟਾਪੂ 'ਤੇ ਲੱਗੀ ਅੱਗ ਨਾਲ 50 ਹਜ਼ਾਰ ਕੋਆਲਾ ਮਰ ਗਏ। ਵਣਜੀਵ ਵਿਗਿਆਨੀਆਂ ਮੁਤਾਬਕ ਆਸਟ੍ਰੇਲੀਆ 'ਚ ਰਹਿਣ ਵਾਲੇ ਕੋਆਲਾ ਸਾਰੀਆਂ ਬੀਮਾਰੀਆਂ ਤੋਂ ਮੁਕਤ ਹੁੰਦੇ ਹਨ ਪਰ ਜੰਗਲੀ ਅੱਗ ਕਾਰਨ ਉਨ੍ਹਾਂ ਦਾ ਘਰ ਅਤੇ ਖਾਣਾ ਖਤਮ ਹੋ ਗਿਆ ਹੈ। ਕਈ ਕੋਆਲਾ ਦੀ ਜਾਨ ਭੁੱਖੇ ਰਹਿਣ ਕਾਰਨ ਚਲੇ ਗਈ ਹੈ। ਇਸ ਤੋਂ ਇਲਾਵਾ ਝੁਲਸੇ ਹੋਏ ਕੰਗਾਰੂਆਂ ਅਤੇ ਭੇਡਾਂ ਦੀਆਂ ਤਸਵੀਰਾਂ ਵੀ ਵਾਇਰਲ ਹੋ ਰਹੀਆਂ ਹਨ।