ਮੁੜ ਸੁਰਖੀਆਂ ''ਚ ਆਸਟ੍ਰੇਲੀਆਈ ਉੱਪ ਪ੍ਰਧਾਨ ਮੰਤਰੀ ਜੌਇਸ

02/08/2018 3:16:11 PM

ਸਿਡਨੀ (ਭਾਸ਼ਾ)— ਆਸਟ੍ਰੇਲੀਆ ਦੇ ਉੱਪ-ਪ੍ਰਧਾਨ ਮੰਤਰੀ ਬਾਰਨਬਾਏ ਜੌਇਸ ਇਕ ਵਾਰ ਫਿਰ ਸੁਰਖੀਆਂ 'ਚ ਹਨ। ਜੌਇਸ ਦੇ ਉਨ੍ਹਾਂ ਦੇ ਸਟਾਫ ਦੀ ਇਕ ਮੈਂਬਰ ਨਾਲ ਪ੍ਰੇਮ ਸੰਬੰਧਾਂ ਦੀਆਂ ਖਬਰਾਂ ਇਨ੍ਹੀ ਦਿਨੀਂ ਦੇਸ਼ 'ਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਇਸ ਦੇ ਨਾਲ ਹੀ ਨਿਜਤਾ ਦੇ ਅਧਿਕਾਰ 'ਤੇ ਬਹਿਸ ਛਿੜ ਗਈ ਹੈ। ਆਸਟ੍ਰੇਲੀਆ ਦੀ ਇਕ ਅਖਬਾਰ ਨੇ ਬੁੱਧਵਾਰ ਨੂੰ ਮੁੱਖ ਪੰਨੇ 'ਤੇ ਜੌਇਸ ਦੀ 33 ਸਾਲਾ ਗਰਭਵਤੀ ਪ੍ਰੇਮਿਕਾ ਦੀ ਤਸਵੀਰ ਛਾਪੀ ਸੀ। ਇਸ ਤੋਂ ਬਾਅਦ 50 ਸਾਲਾ ਉੱਪ-ਪ੍ਰਧਾਨ ਮੰਤਰੀ ਨੇ ਆਪਣਾ ਵਿਆਹ ਟੁੱਟਣ ਦੀ ਗੱਲ ਮਨਜ਼ੂਰ ਕੀਤੀ ਸੀ।


ਤਸਵੀਰ ਛਪਣ ਦੇ ਫੈਸਲੇ ਦੀ ਵਿਆਪਕ ਤੌਰ 'ਤੇ ਨਿੰਦਾ ਕੀਤੀ ਗਈ ਅਤੇ ਨਿਜਤਾ ਦੇ ਅਧਿਕਾਰ 'ਤੇ ਵੀ ਸਵਾਲ ਚੁੱਕੇ ਗਏ। ਜੌਇਸ ਨੇ ਵੀ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਉਨ੍ਹਾਂ ਦੀ ਨਿਜੀ ਜ਼ਿੰਦਗੀ 'ਤੇ ਜਨਤਕ ਤੌਰ 'ਤੇ ਚਰਚਾ ਨਹੀਂ ਕੀਤੀ ਜਾਣੀ ਚਾਹੀਦੀ। ਇੱਥੇ ਦੱਸ ਦੇਈਏ ਕਿ ਜੌਇਸ ਨੈਸ਼ਨਲ ਪਾਰਟੀ ਦੇ ਨੇਤਾ ਹਨ। ਇਸ ਤੋਂ ਪਹਿਲਾਂ ਬੀਤੇ ਸਾਲ ਨਵੰਬਰ ਮਹੀਨੇ 'ਚ ਉਹ ਦੋਹਰੀ ਨਾਗਰਿਕਤਾ ਕਾਰਨ ਸੁਰਖੀਆਂ 'ਚ ਰਹੇ। ਉਨ੍ਹਾਂ ਨੇ ਆਪਣੇ ਪਿਤਾ ਦੇ ਜ਼ਰੀਏ ਨਿਊਜ਼ੀਲੈਂਡ ਦੀ ਨਾਗਰਿਕ ਹਾਸਲ ਕੀਤੀ ਹੋਈ ਸੀ, ਜਿਸ ਤੋਂ ਬਾਅਦ ਆਸਟ੍ਰੇਲੀਆ ਸੰਸਦ 'ਚ ਉਨ੍ਹਾਂ ਨੂੰ ਅਯੋਗ ਕਰਾਰ ਦਿੱਤਾ ਗਿਆ ਸੀ। ਆਸਟ੍ਰੇਲੀਆ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਜਿਸ ਕੋਲ ਦੋਹਰੀ ਨਾਗਰਿਕਤਾ ਹੋਵੇ, ਉਸ ਨੂੰ ਸਰਕਾਰ 'ਚ ਚੁਣਿਆ ਨਹੀਂ ਜਾ ਸਕਦਾ।