ਆਸਟ੍ਰੇਲੀਆ : ਜੰਗਲ ਘੁੰਮਣ ਗਏ ਜੋੜੇ ਨਾਲ ਵਾਪਰਿਆ ਹਾਦਸਾ, ਪਤੀ ਦੀ ਮੌਤ

10/23/2019 2:40:35 PM

ਸਿਡਨੀ (ਬਿਊਰੋ): ਦੱਖਣੀ ਆਸਟ੍ਰੇਲੀਆ ਵਿਚ ਰਹਿਣ ਵਾਲੇ ਇਕ ਵਿਆਹੁਤਾ ਜੋੜੇ ਨਾਲ ਮੰਗਲਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ। ਇਹ ਜੋੜਾ ਆਸਟ੍ਰੇਲੀਆ ਦੇ ਸੂਬੇ ਕੁਈਨਜ਼ਲੈਂਡ ਵਿਚ ਸਥਿਤ ਜੰਗਲ ਵਿਚ ਛੁੱਟੀਆਂ ਮਨਾਉਣ ਲਈ ਗਿਆ ਸੀ। ਮਸਤੀ ਅਤੇ ਉਤਸ਼ਾਹ ਵਿਚ ਜੋੜਾ ਆਪਣੀ ਸੁਰੱਖਿਆ ਵਿਚ ਲਾਪਰਵਾਹੀ ਵਰਤ ਗਿਆ, ਜਿਸ ਦੇ ਨਤੀਜੇ ਵਜੋਂ ਵਾਪਰੇ ਹਾਦਸੇ ਵਿਚ ਸ਼ਖਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਮਹਿਲਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਮੌਕੇ 'ਤੇ ਪਹੁੰਚੀ ਬਚਾਅ ਟੀਮ ਨੇ ਰੈਸਕਿਊ ਕਰ ਕੇ ਮਹਿਲਾ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਕੁਈਨਜ਼ਲੈਂਡ ਸੂਬੇ ਵਿਚ ਸਥਿਤ ਇਸ ਜੰਗਲ ਵਿਚ ਵੱਡੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ ਅਤੇ ਕੁਦਰਤ ਨੂੰ ਕਰੀਬ ਨਾਲ ਜਾਣਨ ਦੀ ਕੋਸ਼ਿਸ਼ ਕਰਦੇ ਹਨ। ਇੱਥੇ ਲੋਕ ਉੱਚੇ-ਉੱਚੇ ਰੁੱਖਾਂ 'ਤੇ ਬੰਨ੍ਹੇ ਜ਼ਿਪ ਲਾਈਨ ਝੂਲੇ 'ਤੇ ਲਟਕ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ 'ਤੇ ਜਾਂਦੇ ਹਨ। ਸ਼ਾਮ ਦੇ ਕਰੀਬ 5:30 ਵਜੇ 50 ਸਾਲਾ ਸ਼ਖਸ ਅਤੇ ਉਸ ਦੀ 48 ਸਾਲਾ ਪਤਨੀ ਵੀ ਜ਼ਿਪ ਲਾਈਨ ਝੂਲੇ 'ਤੇ ਇਕੱਠੇ ਬੈਠੇ ਅਤੇ 10 ਮੀਟਰ ਦੀ ਉਚਾਈ 'ਤੇ ਝੂਲੇ ਦਾ ਆਨੰਦ ਲੈਣ ਲੱਗੇ। ਕੁਝ ਦੂਰ ਜਾਂਦੇ ਹੀ ਅਚਾਨਕ ਦੋਹਾਂ ਦੇ ਸੁਰੱਖਿਆ ਬੈਲਟ ਖੁੱਲ੍ਹ ਗਏ ਅਤੇ ਉਹ 10 ਮੀਟਰ ਦੀ ਉਚਾਈ ਤੋਂ ਹੇਠਾਂ ਜ਼ਮੀਨ 'ਤੇ ਡਿੱਗ ਪਏ। 

ਹਾਦਸਾ ਵਾਪਰਨ ਦੇ ਤੁਰੰਤ ਬਾਅਦ ਬਚਾਮ ਟੀਮ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਨੂੰ ਰੈਸਕਿਊ ਕੀਤਾ। ਸ਼ਖਸ ਦੀ ਜਾਂਚ ਕਰਨ 'ਤੇ ਟੀਮ ਨੇ ਘਟਨਾ ਸਥਲ 'ਤੇ ਹੀ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਦਕਿ ਮਹਿਲਾ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਜੰਗਲ ਸੰਘਣਾ ਹੋਣ ਕਾਰਨ ਉੱਥੇ ਐਂਬੂਲੈਂਸ ਨਹੀਂ ਜਾ ਸਕਦੀ ਸੀ ਇਸ ਲਈ ਜ਼ਖਮੀ ਮਹਿਲਾ ਨੂੰ ਹੈਲੀਕਾਪਟਰ ਜ਼ਰੀਏ ਹਸਪਤਾਲ ਪਹੁੰਚਾਇਆ ਗਿਆ।

ਜੰਗਲ ਸਰਫਿੰਗ ਦੇ ਨਿਦੇਸ਼ਕ ਫੋਬੇ ਕਿਟੋ ਨੇ ਦੱਸਿਆ,''ਟੀਮ ਘਟਨਾਸਥਲ ਅਤੇ ਸੁਰੱਖਿਆ ਦੀ ਜਾਂਚ ਕਰ ਰਹੀ ਹੈ। ਅਸੀਂ ਹਾਦਸਾ ਵਾਪਰਨ ਦੇ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਹਾਦਸੇ ਦੇ ਪਿੱਛੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਪੀੜਤ ਪਰਿਵਾਰ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।'' ਉੱਥੇ ਪੁਲਸ ਦਾ ਕਹਿਣਾ ਹੈ ਕਿ ਜ਼ਖਮੀ ਮਹਿਲਾ ਦੀ ਹਾਲਤ ਸਥਿਰ ਹੈ। ਉਸ ਦੇ ਮੋਢੇ ਅਤੇ ਹੱਥ ਦੇ ਸੱਟ ਲੱਗਣ ਦੇ ਇਲਾਵਾ ਅੰਦਰੂਨੀ ਸੱਟਾਂ ਲੱਗੀਆਂ ਹਨ। ਪੁਲਸ ਮਾਮਲਾ ਦਰਜ ਕਰ ਕੇ ਜਾਂਚ ਵਿਚ ਜੁੱਟ ਗਈ ਹੈ। ਉੱਥੇ ਮੌਜੂਦ ਇਕ ਅਮਰੀਕੀ ਜੋੜੇ ਸਾਮੰਥਾ ਸਲੇਅਰ ਅਤੇ ਜੋਸਫ ਮਾਘੇ ਨੇ ਦੱਸਿਆ ਕਿ ਉਨ੍ਹਾਂ ਨੇ ਜੋੜੇ ਨੂੰ ਆਪਣੀ ਅੱਖੀਂ ਹੇਠਾਂ ਡਿੱਗਦਿਆਂ ਦੇਖਿਆ। ਉਨ੍ਹਾਂ ਨੇ ਥੋੜ੍ਹੀ ਦੇਰ ਪਹਿਲਾਂ ਹੀ ਡੇਂਟਰੀ ਵਰਖਾ ਵਣ ਦਾ ਇਕ ਹਿੱਸਾ ਪਾਰ ਕੀਤਾ ਸੀ।

Vandana

This news is Content Editor Vandana