ਆਸਟ੍ਰੇਲੀਆ ਨੇ ''ਆਨਲਾਈਨ ਕੱਟੜਪੰਥੀ ਸਮੱਗਰੀ'' ''ਤੇ ਰੋਕ ਲਗਾਉਣ ਦੀ ਬਣਾਈ ਯੋਜਨਾ

08/26/2019 1:11:04 PM

ਸਿਡਨੀ— ਆਸਟ੍ਰੇਲੀਆ 'ਸੰਕਟ ਵਾਲੀਆਂ ਘਟਨਾਵਾਂ' ਦੌਰਾਨ ਕੱਟੜਪੰਥੀ ਸਮੱਗਰੀ ਦਾ ਪ੍ਰਸਾਰ ਰੋਕਣ ਲਈ ਵੈੱਬਸਾਈਟਾਂ ਨੂੰ ਰੋਕਣ ਜਾਂ ਬਲਾਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਬਿਆਰਤਿਜ 'ਚ ਜੀ-7 ਸਿਖਰ ਸੰਮੇਲਨ 'ਚ ਐਤਵਾਰ ਨੂੰ ਆਸਟ੍ਰੇਲੀਆਈ ਪੀ. ਐੱਮ. ਸਕੌਟ ਮੌਰੀਸਨ ਨੇ ਕਿਹਾ ਕਿ ਮਾਰਚ 'ਚ ਨਿਊਜ਼ੀਲੈਂਡ ਦੀਆਂ ਦੋ ਮਸਜਿਦਾਂ 'ਤੇ ਹੋਏ ਖਤਰਨਾਕ ਹਮਲਿਆਂ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। 
ਉਨ੍ਹਾਂ ਇਕ ਬਿਆਨ 'ਚ ਕਿਹਾ ਕਿ 51 ਲੋਕਾਂ ਦੇ ਕਤਲ ਸਮੇਂ ਕੀਤੀ ਗਈ 'ਲਾਈਵ ਸਟ੍ਰੀਮਿੰਗ' ਦਿਖਾਉਂਦੀ ਹੈ ਕਿ ਕਿਵੇਂ ਡਿਜੀਟਲ ਮੰਚਾਂ ਅਤੇ ਵੈੱਬਸਾਈਟਾਂ ਦੀ ਵਰਤੋਂ ਹਿੰਸਾ ਅਤੇ ਅੱਤਵਾਦੀ ਸਮੱਗਰੀ ਫੈਲਾਉਣ ਲਈ ਕੀਤੀ ਜਾ ਸਕਦੀ ਹੈ। 

ਮੌਰੀਸਨ ਨੇ ਕਿਹਾ,''ਇਸ ਤਰ੍ਹਾਂ ਦੀਆਂ ਘਿਣੌਨੀਆਂ ਚੀਜ਼ਾਂ ਲਈ ਆਸਟ੍ਰੇਲੀਆ 'ਚ ਕੋਈ ਥਾਂ ਨਹੀਂ ਹੈ ਅਤੇ ਅਸੀਂ ਅੱਤਵਾਦੀਆਂ ਨੂੰ ਉਨ੍ਹਾਂ ਦੇ ਦੋਸ਼ਾਂ ਦੀ ਮਸ਼ਹੂਰੀ ਕਰਨ ਤੋਂ ਰੋਕਣ ਲਈ ਖੇਤਰ ਅਤੇ ਵਿਸ਼ਵ ਪੱਧਰ 'ਤੇ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ।'' ਇਨ੍ਹਾਂ ਸੁਝਾਵਾਂ ਤਹਿਤ ਅੱਤਵਾਦੀ ਸਮੱਗਰੀ ਦਾ ਪ੍ਰਚਾਰ ਕਰਨ ਵਾਲੇ ਡੋਮੇਨ ਤਕ ਪੁੱਜਣ ਨੂੰ ਰੋਕਣ ਲਈ ਆਸਟ੍ਰੇਲੀਆ ਦੀਆਂ 'ਈ ਸੇਫਟੀ ਕਮਿਸ਼ਨਰ' ਕੰਪਨੀਆਂ ਨਾਲ ਮਿਲ ਕੇ ਕੰਮ ਕਰਨਗੇ। ਨਵੇਂ 24 ਘੰਟੇ ਚੱਲਣ ਵਾਲੇ 'ਕ੍ਰਾਇਸਿਸ ਕੋਆਰਡੀਨੇਟਰ ਸੈਂਟਰ' ਨੂੰ ਅੱਤਵਾਦ ਨਾਲ ਸਬੰਧਤ ਘਟਨਾਵਾਂ ਅਤੇ ਸੈਂਸਰਸ਼ਿਪ ਲਈ ਬਹੁਤ ਹਿੰਸਕ ਘਟਨਾਵਾਂ ਦੀ ਨਿਗਰਾਨੀ ਕਰਨ ਦਾ ਕੰਮ ਸੌਂਪਿਆ ਜਾਵੇਗਾ। 

ਕ੍ਰਾਈਸਟਚਰਚ ਹਮਲੇ ਦੇ ਬਾਅਦ ਆਸਟ੍ਰੇਲੀਆ ਨੇ ਕੱਟੜਪੰਥੀ ਸਮੱਗਰੀ ਦੇ ਪ੍ਰਸਾਰ ਨੂੰ ਰੋਕਣ ਲਈ ਫੇਸਬੁੱਕ, ਯੂਟਿਊਬ, ਆਮੇਜ਼ਨ, ਮਾਈਕ੍ਰੋਸਾਫਟ ਅਤੇ ਟਵਿੱਟਰ ਵਰਗੀਆਂ ਗਲੋਬਲ ਤਕਨੀਕੀ ਕੰਪਨੀਆਂ ਨਾਲ ਮਿਲ ਕੇ ਇਕ ਟਾਸਕ ਫੋਰਸ ਦੀ ਸਥਾਪਨਾ ਵੀ ਕੀਤੀ ਹੈ। ਇਹ ਹੁਣ ਤਕ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਨਵੀਂਆਂ ਯੋਜਨਾਵਾਂ ਨੂੰ ਕਿਵੇਂ ਲਾਗੂ ਕੀਤਾ ਜਾਵੇਗਾ। ਮੌਰੀਸਨ ਨੇ ਪਹਿਲਾਂ ਕਿਹਾ ਸੀ ਕਿ ਜੇਕਰ ਉਦਯੋਗਿਕ ਕੰਪਨੀਆਂ ਸਹਿਯੋਗ ਨਹੀਂ ਕਰਦੀਆਂ ਤਾਂ ਕਾਨੂੰਨ ਲਿਆਂਦਾ ਜਾ ਸਕਦਾ ਹੈ।