ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਐੱਨਜੈੱਕ ਡੇਅ ਮੌਕੇ ਵਿਸ਼ਵ ਯੁੱਧ ਦੇ ਫੌਜ਼ੀ ਸ਼ਹੀਦਾਂ ਨੂੰ ਕੀਤਾ ਯਾਦ

04/25/2021 7:20:03 PM

ਬ੍ਰਿਸਬੇਨ/ਮੈਲਬੌਰਨ (ਸੁਰਿੰਦਰਪਾਲ ਸਿੰਘ ਖੁਰਦ, ਮਨਦੀਪ ਸੈਣੀ): ਆਸਟ੍ਰੇਲੀਆ ਭਰ 'ਚ ਹਜ਼ਾਰਾਂ ਲੋਕਾਂ ਨੇ ਐਤਵਾਰ ਨੂੰ ਐੱਨਜੈੱਕ ਡੇਅ ਸ਼ਰਧਾਂਜਲੀ ਸਮਾਰੋਹਾਂ ਦੌਰਾਨ ਆਸਟ੍ਰੇਲੀਆ-ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ ‘ਚ ਸ਼ਹੀਦ ਹੋਏ ਆਪਣੇ ਫੌਜ਼ੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਨਮਨ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਦੋਵੇਂ ਦੇਸ਼ ਅਫਗਾਨਿਸਤਾਨ ਵਿਚ ਸਭ ਤੋਂ ਲੰਬੇ ਸਮੇਂ ਤੱਕ ਚੱਲੇ ਯੁੱਧ ਤੋਂ ਵੱਖ ਹੋਣ ਦੀ ਤਿਆਰੀ ਵਿਚ ਹਨ। ਦੋਵੇਂ ਗੁਆਂਢੀ ਦੇਸ਼ ਹਰ ਸਾਲ 25 ਅਪ੍ਰੈਲ ਨੂੰ 'ਐੱਨਜੈੱਕ ਡੇਅ' ਮਨਾਉਂਦੇ ਹਨ। ਇਸੇ ਦਿਨ 1915 ਵਿਚ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਸੈਨਿਕਾਂ (ਅੰਜਾਕ) ਨੇ ਤੁਰਕੀ ਦੀ ਜ਼ਮੀਨ 'ਤੇ ਕਦਮ ਰੱਖਿਆ ਸੀ, ਜਦੋਂ ਪਹਿਲੇ ਵਿਸ਼ਵ ਯੁੱਧ ਦੌਰਾਨ ਸੈਨਿਕ ਪਹਿਲੀ ਮੁਹਿੰਮ ਦਾ ਹਿੱਸਾ ਬਣੇ ਅਤੇ ਦੋਵੇਂ ਦੇਸ਼ਾਂ ਦੇ ਮਿਲਟਰੀ ਬਲ ਨੂੰ ਭਾਰੀ ਨੁਕਸਾਨ ਹੋਇਆ ਸੀ।

ਕੈਨਬਰਾ ਵਿਖੇ ਪ੍ਰਧਾਨ ਮੰਤਰੀ ਸਕੌਟ ਮੋਰੀਸਨ, ਆਸਟ੍ਰੇਲੀਆ ਵਿਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਡੈਮ ਐਨੈਟ ਕਿੰਗ ਅਤੇ ਹੋਰ ਪਤਵੰਤਿਆਂ ਨੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ,“ਇਕੱਠੇ ਮਿਲ ਕੇ ਅਸੀਂ ਆਪਣੇ ਗੌਰਵਮਈ ਅਤੀਤ ਦੀ ਸਵੇਰ ਨੂੰ ਰੌਸ਼ਨ ਕਰ ਰਹੇ ਹਾਂ।” ਮੋਰੀਸਨ ਨੇ ਅਫਗਾਨਿਸਤਾਨ ਵਿੱਚ ਆਪਣੀ ਜਾਨ ਗਵਾ ਚੁੱਕੇ 41 ਆਸਟ੍ਰੇਆਈ ਸ਼ਹੀਦਾਂ ਨੂੰ ਵਿਸ਼ੇਸ਼ ਸ਼ਰਧਾਂਜਲੀ ਭੇਂਟ ਕੀਤੀ ਅਤੇ ਕਿਹਾ ਕਿ ਪਿਛਲੇ ਹਫ਼ਤੇ ਦੇ ਐਲਾਨ ਤੋਂ ਬਾਅਦ ਦੇਸ਼ ਵਿੱਚ ਬਾਕੀ ਰਹਿੰਦੇ 80 ਆਸਟ੍ਰੇਲੀਆਈ ਸੈਨਿਕਾਂ ਨੂੰ ਅਮਰੀਕੀ ਸੈਨਿਕਾਂ ਦੀ ਵਾਪਸੀ ਦੇ ਅਨੁਸਾਰ ਵਾਪਸ ਲਿਆਂਦਾ ਜਾਵੇਗਾ। 

ਨਿਊਜ਼ੀਲੈਂਡ ਮਈ ਵਿਚ ਅਫਗਾਨਿਸਤਾਨ ਤੋਂ ਆਪਣੇ ਸੈਨਿਕਾਂ ਦੀ ਆਖਰੀ ਟੁੱਕੜੀ ਨੂੰ ਵਾਪਸ ਬੁਲਾਏਗਾ ਅਤੇ ਆਸਟ੍ਰੇਲੀਆ ਸਤੰਬਰ ਵਿਚ। ਇਹ ਅਮਰੀਕੀ ਯੋਜਨਾ ਦੇ ਮੁਤਾਬਕ ਹੋਵੇਗਾ ਜੋ ਉੱਥੇ 20 ਸਾਲਾਂ ਤੋਂ ਜਾਰੀ ਮੁਹਿੰਮ ਨੂੰ ਖ਼ਤਮ ਕਰਨ ਜਾ ਰਿਹਾ ਹੈ। ਆਸਟ੍ਰੇਲੀਆ ਦੇ ਰੱਖਿਆ ਮੰਤਰੀ ਪੀਟਰ ਡੁਟੋਨ ਨੇ ਕਿਹਾ ਕਿ ਸੈਨਿਕਾਂ ਦੀ ਵਾਪਸੀ ਤੋਂ ਆਸਟ੍ਰੇਲੀਆ ਨੂੰ ਆਪਣੇ ਖੇਤਰ 'ਤੇ ਧਿਆਨ ਦੇਣ ਵਿਚ ਮਦਦ ਮਿਲੇਗੀ, ਜਿੱਥੇ ਚੀਨ ਸੁਰੱਖਿਆ ਮਾਹੌਲ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਈਰਾਕ : ਕੋਵਿਡ ਮਰੀਜ਼ਾਂ ਵਾਲੇ ਹਸਪਤਾਲ 'ਚ ਲੱਗੀ ਅੱਗ, 24 ਦੀ ਮੌਤ ਤੇ ਕਈ ਜ਼ਖਮੀ

ਸੂਬਾ ਕੂਈਨਜ਼ਲੈਂਡ ਦੇ ਰਾਜਪਾਲ ਪਾਲ ਡੀ ਜਰਸੀ ਨੇ ਬ੍ਰਿਸਬੇਨ ਵਿਖੇ ਇਕੱਠੇ ਹੋਏ ਸੈਂਕੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਗੱਲੋਂ ਖੁਸ਼ ਹਨ ਕਿ ਲੋਕ ਇਸ ਸਾਲ ਸਮਾਗਮਾਂ ਵਿੱਚ ਸ਼ਾਮਲ ਹੋਏ ਹਨ ਅਤੇ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰ ਰਹੇ ਹਨ। ਅਧਿਕਾਰੀਆਂ ਨੇ ਭੀੜ ਨੂੰ ਵਿਸ਼ੇਸ਼ ਤੌਰ 'ਤੇ ਵੈਟਰਨਜ਼ ਰਿਸੈਪਸ਼ਨ ਦੇਣ ਲਈ ਉਤਸ਼ਾਹਤ ਕੀਤਾ, ਕਿਉਂਕਿ ਬਹੁਤ ਸਾਰੇ ਲੋਕ ਚਿੰਤਤ ਸਨ ਕਿ ਭਵਿੱਖ ਦੀਆਂ ਪਾਬੰਦੀਆਂ ਇਕ ਵਾਰ ਫਿਰ ਉਨ੍ਹਾਂ ਦੇ ਪਰੇਡ ਕਰਨ ਦੇ ਮੌਕੇ ਨੂੰ ਵਿਗਾੜ ਸਕਦੀਆਂ ਹਨ। 

ਪਰੇਡ ਨੂੰ ਵੇਖਣ ਲਈ ਹਜ਼ਾਰਾਂ ਲੋਕਾਂ ਨੇ ਬ੍ਰਿਸਬੇਨ ਸ਼ਹਿਰ ਦੀਆਂ ਸੜਕਾਂ 'ਤੇ ਸ਼ਮੂਲੀਅਤ ਕੀਤੀ। ਇਨ੍ਹਾਂ ਵਿੱਚ ਦੂਜੇ ਵਿਸ਼ਵ ਯੁੱਧ ਦੇ ਕਈ ਆਸਟ੍ਰੇਲੀਆਈ ਫੌਜ ਦੇ ਸਾਬਕਾ ਅਫਸਰ ਵੀ ਸ਼ਾਮਲ ਸਨ। ਰਾਜ ਭਰ ਦੇ ਹਾਈ ਸਕੂਲਾਂ ਦੇ ਬੈਂਡਾਂ, ਯੁਵਾ ਸੰਗਠਨਾਂ ਸਮੇਤ ਕਈ ਐਸੋਸੀਏਸ਼ਨਾਂ ਨੇ ਹਿੱਸਾ ਲਿਆ। ਦੱਸਣਯੋਗ ਹੈ ਕਿ ਪਹਿਲੇ ਤੇ ਦੂਸਰੇ ਵਿਸ਼ਵ ਯੁੱਧ ਵਿੱਚ ਕਰੀਬ 13 ਲੱਖ ਭਾਰਤੀ ਫੌਜੀਆਂ ਨੇ ਭਾਗ ਲਿਆ ਜਿਨ੍ਹਾਂ ’ਚੋ 74 ਹਜ਼ਾਰ ਦੇ ਕਰੀਬ ਸ਼ਹੀਦੀ ਹੋਏ ਅਤੇ ਦੂਜੀ ਵਿਸ਼ਵ ਜੰਗ ਵਿੱਚ ਤਕਰੀਬਨ 25 ਲੱਖ ਦੇ ਕਰੀਬ ਫੌਜੀਆਂ ਨੇ ਹਿੱਸਾ ਲਿਆ ਸੀ ਜਿਨ੍ਹਾਂ ’ਚੋਂ 87 ਹਜ਼ਾਰ ਨੇ ਸ਼ਹੀਦੀਆਂ ਦਿੱਤੀਆਂ। ਇਸੇ ਤਰ੍ਹਾਂ ਗਾਲੀਪੋਲੀ ਦੀ ਲੜਾਈ ਵਿੱਚ 15 ਹਜ਼ਾਰ ਸੈਨਿਕਾਂ ’ਚੋਂ 1500 ਭਾਰਤੀ ਫੌਜੀਆਂ ਨੇ ਸ਼ਹੀਦੀ ਦਿੱਤੀ। ਇਸ ਮੌਕੇ ਬ੍ਰਿਸਬੇਨ ਤੇ ਮੈਲਬੌਰਨ ਵਸਦੇ ਪੰਜਾਬੀ ਸਿੱਖ ਭਾਈਚਾਰੇ ਨੇ ਵੀ ਵੱਖ-ਵੱਖ ਸਮਾਗਮਾਂ ‘ਚ ਸਿੱਖ ਫੌਜੀਆਂ ਨੂੰ ਯਾਦ ਕਰਦਿਆਂ ਸ਼ਰਧਾਜਲੀਆਂ ਭੇਂਟ ਕੀਤੀਆਂ ਅਤੇ ਪਰੇਡ ਵਿੱਚ ਹਿੱਸਾ ਲਿਆ।


ਗਲੋਬਲ ਮਹਾਮਾਰੀ ਕਾਰਨ ਆਸਟ੍ਰੇਲੀਆ ਦੇ ਕਈ ਵੱਡੇ ਸ਼ਹਿਰਾਂ ਵਿਚ ਇਸ ਵਾਰ ਮਾਰਚ ਅਤੇ ਹੋਰ ਯਾਦਗਾਰੀ ਪ੍ਰੋਗਰਾਮਾਂ ਵਿਚ ਲੋਕਾਂ ਦੇ ਸ਼ਾਮਲ ਹੋਣ ਨੂੰ ਸੀਮਤ ਕਰ ਦਿੱਤਾ ਗਿਆ ਹੈ। ਪਿਛਲੇ ਸਾਲਾਂ ਵਿਚ ਇਹਨਾਂ ਸੇਵਾਵਾਂ ਵਿਚ ਕਰੀਬ 40,0000 ਲੋਕ ਸ਼ਾਮਲ ਹੋਇਆ ਕਰਦੇ ਸਨ। ਇਸ ਸਾਲ ਪ੍ਰੋਗਰਾਮ ਲਈ ਟਿਕਟ ਰੱਖੀ ਗਈ ਹੈ ਅਤੇ ਇਸ ਨੂੰ 4,200 ਲੋਕਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ।

ਨੋਟ- ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ 'ਐੱਨਜੈੱਕ ਡੇਅ' ਮੌਕੇ ਸ਼ਹੀਦਾਂ ਨੂੰ ਕੀਤਾ ਯਾਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana