ਟੈਟੂ ਬਣਵਾਉਣ ਵਾਲੀ ਮਹਿਲਾ ਨੇ ਬਿਆਨ ਕੀਤਾ ਆਪਣਾ ਦਰਦ

12/16/2018 5:15:48 PM

ਸਿਡਨੀ (ਬਿਊਰੋ)— ਜ਼ਿਆਦਾਤਰ ਲੋਕ ਸਰੀਰ 'ਤੇ ਟੈਟੂ ਬਣਵਾਉਣਾ ਪਸੰਦ ਕਰਦੇ ਹਨ। ਪਰ ਟੈਟੂ ਬਣਵਾਉਣ ਦੇ ਇਸੇ ਸ਼ੌਕ ਕਾਰਨ ਇਕ ਮਹਿਲਾ ਨੂੰ ਰੈਸਟੋਰੈਂਟ ਵਿਚੋਂ ਬਾਹਰ ਕੱਢ ਦਿੱਤਾ ਗਿਆ। ਆਸਟ੍ਰੇਲੀਆ ਦੀ ਰਹਿਣ ਵਾਲੀ 30 ਸਾਲਾ ਡਾਕਟਰ ਸਾਰਾ ਗ੍ਰੇ ਨੇ ਆਪਣੇ ਇਸ ਦਰਦ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। ਉੱਧਰ ਰੈਸਟੋਰੈਂਟ ਦੇ ਮੈਨੇਜਰ ਨੇ ਸਾਰਾ ਨੂੰ ਰੈਸਟੋਰੈਂਟ ਵਿਚੋਂ ਬਾਹਰ ਕੱਢ ਦੇਣ ਦੇ ਪਿੱਛੇ ਬਹੁਤ ਹੈਰਾਨ ਕਰ ਦੇਣ ਵਾਲਾ ਕਾਰਨ ਦੱਸਿਆ।

ਅਸਲ ਵਿਚ ਆਸਟ੍ਰੇਲੀਆ ਦੇ ਐਡੀਲੇਡ ਦੀ ਰਹਿਣ ਵਾਲੀ 30 ਸਾਲਾ ਸਾਰਾ ਗ੍ਰੇ ਬੀਤੇ ਦਿਨੀਂ ਆਪਣੇ ਪਤੀ ਨਾਲ ਲੰਚ ਕਰਨ ਲਈ ਇਕ ਰੈਸਟੋਰੈਂਟ ਪਹੁੰਚੀ ਸੀ। ਉਨ੍ਹਾਂ ਨੂੰ ਉੱਥੇ ਬੈਠੇ ਕਾਫੀ ਦੇਰ ਹੋ ਗਈ ਪਰ ਵੇਟਰ ਖਾਣੇ ਦਾ ਆਰਡਰ ਲੈਣ ਨਹੀਂ ਆਇਆ। ਜਦਕਿ ਉਨ੍ਹਾਂ ਤੋਂ ਬਾਅਦ ਪਹੁੰਚੇ ਲੋਕਾਂ ਦਾ ਆਰਡਰ ਲੈ ਲਿਆ ਗਿਆ ਅਤੇ ਉਨ੍ਹਾਂ ਨੂੰ ਖਾਣਾ ਵੀ ਸਰਵ ਕਰ ਦਿੱਤਾ ਗਿਆ।

ਥੋੜ੍ਹੀ ਦੇਰ ਬਾਅਦ ਰੈਸਟੋਰੈਂਟ ਦੇ ਮੈਨੇਜਰ ਨੇ ਉਨ੍ਹਾਂ ਨੂੰ ਉੱਥੋਂ ਚਲੇ ਜਾਣ ਲਈ ਕਿਹਾ। ਮੈਨੇਜਰ ਦਾ ਕਹਿਣਾ ਸੀ ਕਿ ਸਾਰਾ ਦੇ ਪੂਰੇ ਸਰੀਰ 'ਤੇ ਟੈਟੂ ਬਣੇ ਹੋਏ ਹਨ ਅਤੇ ਉਨ੍ਹਾਂ ਦੇ ਰੈਸਟੋਰੈਂਟ ਵਿਚ ਓਪਨ ਟੈਟੂ ਸ਼ੋਅ ਕਰਨ 'ਤੇ ਪਾਬੰਦੀ ਹੈ। ਸਾਰਾ ਨੇ ਖੁਦ ਸੋਸ਼ਲ ਮੀਡੀਆ ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿਚ ਇਸ ਘਟਨਾ ਦਾ ਜ਼ਿਕਰ ਹੈ। ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਸਾਰਾ ਗ੍ਰੇ ਪੇਸ਼ੇ ਤੋਂ ਇਕ ਡਾਕਟਰ ਹੈ। ਉਸ ਦਾ ਕਹਿਣਾ ਹੈ ਕਿ ਉਹ 14 ਸਾਲਾਂ ਤੋਂ ਸਰੀਰ ਦੇ ਵੱਖ-ਵੱਖ ਹਿੱਸਿਆਂ ਵਿਚ ਟੈਟੂ ਬਣਵਾ ਰਹੀ ਹੈ। ਉਸ ਨੇ ਆਪਣੇ ਪੂਰੇ ਸਰੀਰ 'ਤੇ ਟੈਟੂ ਬਣਵਾਏ ਹਨ ਅਤੇ ਇਸ ਲਈ ਉਸ ਨੇ ਕਰੀਬ 300 ਘੰਟੇ ਦਾ ਸਮਾਂ ਦੱਤਾ ਹੈ। ਸਾਰਾ ਦਾ ਕਹਿਣਾ ਹੈ ਕਿ ਟੈਟੂ ਕਾਰਨ ਉਸ ਦਾ ਸਰੀਰ ਹੋਰ ਵੀ ਸੁੰਦਰ ਦਿੱਸਦਾ ਹੈ। ਪਰ ਉੱਥੋਂ ਦੇ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਸਾਰਾ ਨੇ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਕੌਣ ਖੂਬਸੂਰਤ ਦਿਸਣਾ ਨਹੀਂ ਚਾਹੁੰਦਾ। ਜੇ ਤੁਸੀਂ ਡਾਕਟਰ ਹੋ ਤਾਂ ਕੀ ਤੁਸੀਂ ਸਰੀਰ 'ਤੇ ਟੈਟੂ ਨਹੀਂ ਬਣਵਾ ਸਕਦੇ?

ਉਸ ਦਾ ਕਹਿਣਾ ਹੈ ਕਿ ਮੈਂ ਆਪਣੀ ਖੁਸ਼ੀ ਲਈ ਸਰੀਰ 'ਤੇ ਟੈਟੂ ਬਣਵਾਏ ਹਨ ਪਰ ਹੁਣ ਇਸ ਕਾਰਨ ਲੋਕ ਮੇਰੇ ਡਾਕਟਰ ਹੋਣ 'ਤੇ ਸ਼ੱਕ ਕਰ ਰਹੇ ਹਨ। ਉਹ ਮੈਨੂੰ ਨਜ਼ਰ-ਅੰਦਾਜ਼ ਕਰਦੇ ਹਨ। ਉਹ ਸਮਝਦੇ ਹਨ ਕਿ ਮੈਂ ਨਸ਼ੇ ਦੀ ਆਦੀ ਹਾਂ।

Vandana

This news is Content Editor Vandana