ਆਸਟ੍ਰੇਲੀਆ ''ਚ ਤੋਤਿਆਂ ਨੇ ''ਕੁਤਰੇ'' ਲੱਖਾਂ ਡਾਲਰ ਦੇ ਬ੍ਰਾਡਬੈਂਡ ਕੁਨੈਕਸ਼ਨ

11/04/2017 4:36:30 PM

ਸਿਡਨੀ(ਬਿਊਰੋ)— ਨੈਸ਼ਨਲ ਬ੍ਰਾਡਬੈਂਡ ਨੈੱਟਵਰਕ (ਐਨ. ਬੀ. ਐਨ) ਕੰਪਨੀ ਮੁਤਾਬਕ ਤੋਤਿਆਂ ਨੇ ਉਨ੍ਹਾਂ ਦੇ ਬ੍ਰਾਡਬੈਂਡ ਤਾਰਾਂ ਨੂੰ ਚਬਾ-ਚਬਾ ਕੇ ਖਰਾਬ ਕਰ ਦਿੱਤਾ, ਜਿਸ ਨੂੰ ਠੀਕ ਕਰਨ ਲਈ ਕਈ ਹਜ਼ਾਰ ਡਾਲਰ ਖਰਚ ਹੋ ਚੁੱਕੇ ਹਨ। ਆਸਟ੍ਰੇਲੀਆ ਵਿਚ ਬ੍ਰਾਡਬੈਂਡ ਕੁਨੈਕਸ਼ਨ ਦੇ ਹੋਲੀ ਰਹਿਣ ਦੀ ਸ਼ਿਕਾਇਤ ਹਮੇਸ਼ਾ ਕੀਤੀ ਜਾਂਦੀ ਹੈ। ਇੰਟਰਨੈਟ ਸਪੀਡ ਦੇ ਮਾਮਲੇ ਵਿਚ ਆਸਟ੍ਰੇਲੀਆ ਦੁਨੀਆ ਵਿਚ 50ਵੇਂ ਸਥਾਨ 'ਤੇ ਆਉਂਦਾ ਹੈ। ਆਸਟ੍ਰੇਲੀਆ ਵਿਚ ਫਿਲਹਾਲ ਨੈੱਟਵਰਕ ਸਪੀਡ 11.1 ਮੈਗਾਬਾਈਟ ਪ੍ਰਤੀ ਸੈਕੰਡ ਹੈ, ਜੋ ਦੁਨੀਆ ਦੇ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਬਹੁਤ ਘੱਟ ਹੈ। ਆਸਟ੍ਰੇਲੀਆਈ ਸਰਕਾਰ ਇਸ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਸ ਲਈ ਨੈਸ਼ਨਲ ਟੈਲੀਕਮਿਊਨੀਕੇਸ਼ਨ ਇੰਫ੍ਰਾਸਟਰੱਕਚਰ ਪ੍ਰੋਜੈਕਟ ਵੀ ਸ਼ੁਰੂ ਕੀਤਾ ਗਿਆ ਹੈ, ਜੋ 2021 ਵਿਚ ਪੂਰਾ ਹੋਵੇਗਾ।
ਕਈ ਥਾਵਾਂ ਤੋਂ ਚਬਾਇਆ
ਐਨ. ਬੀ. ਐਨ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਬ੍ਰਾਡਬੈਂਡ ਤਾਰਾਂ ਨੂੰ ਕਈ ਥਾਵਾਂ ਤੋਂ ਨੁਕਸਾਨ ਪਹੁੰਚਿਆ ਹੈ, ਇਸ ਲਈ ਉਸ ਨੂੰ ਠੀਕ ਕਰਨ ਦਾ ਖਰਚ ਵਧ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਐਨ. ਬੀ. ਐਨ ਦੇ ਇੰਜੀਨੀਅਰਾਂ ਨੇ ਬ੍ਰਾਡਬੈਂਡ ਵਿਚ ਸਮੱਸਿਆ ਦਾ ਪਤਾ ਲਗਾਇਆ ਤਾਂ ਦੇਖਿਆ ਕਿ ਉਨ੍ਹਾਂ ਦੀਆਂ ਤਾਰਾਂ ਨੂੰ ਤੋਤਿਆਂ ਦੀ ਇਕ ਪ੍ਰਜਾਤੀ ਕਾਕਾਟੂ ਨੇ ਜਗ੍ਹਾ-ਜਗ੍ਹਾ ਤੋਂ ਚਬਾਇਆ ਸੀ। ਆਮਤੌਰ 'ਤੇ ਇਹ ਤੋਤੇ ਫਲ, ਨੱਟ ਅਤੇ ਲੱਕੜੀ ਹੀ ਚਬਾਉਂਦੇ ਹਨ। ਇਨ੍ਹਾਂ ਖਰਾਬ ਤਾਰਾਂ ਨੂੰ ਠੀਕ ਕਰਨ ਵਿਚ ਐਨ. ਬੀ. ਐਨ ਕੰਪਨੀ ਹੁਣ ਤੱਕ 80 ਹਜ਼ਾਰ ਆਸਟ੍ਰੇਲੀਆਈ ਡਾਲਰ ਖਰਚ ਕਰ ਚੁੱਕੀ ਹੈ।
ਤਾਰ ਵਿਚ ਮਿਲਿਆ ਤੋਤਿਆਂ ਨੂੰ ਸੁਆਦ
ਜਾਨਵਰਾਂ ਦੇ ਵਿਵਹਾਰ ਨੂੰ ਸਮਝਣ ਵਾਲੇ ਗਿਸੇਲਾ ਕੈਲਪਨ ਨੇ ਦੱਸਿਆ, 'ਆਮਤੌਰ 'ਤੇ ਤਾਂ ਇਹ ਤੋਤੇ ਤਾਰ ਨਹੀਂ ਚਬਾਉਂਦੇ ਪਰ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਨ੍ਹਾਂ ਤਾਰਾਂ ਵਿਚ ਸੁਆਦ ਮਿਲਿਆ ਹੋਵੇ ਜਾਂ ਫਿਰ ਸ਼ਾਇਦ ਉਹ ਤਾਰ ਦੇ ਰੰਗ ਵੱਲ ਆਕਰਸ਼ਿਤ ਹੋਏ ਹੋਣ।' ਗਿਸੇਲਾ ਦੱਸਦੀ ਹੈ, 'ਇਹ ਤੋਤੇ ਆਪਣੀ ਚੁੰਝ ਨੂੰ ਨੁਕੀਲਾ ਬਣਾਉਣ ਲਈ ਹਮੇਸ਼ਾ ਕੁੱਝ ਨਾ ਕੁੱਝ ਰਗੜਦੇ ਰੰਹਿਦੇ ਹਨ। ਬਦਕਿਸਮਤੀ ਨਾਲ ਉਨ੍ਹਾਂ ਨੇ ਤਾਰਾਂ ਨੂੰ ਇਸ ਕੰਮ ਲਈ ਚੁਣਿਆ।' ਕੰਪਨੀ ਦਾ ਕਹਿਣਾ ਹੈ ਕਿ ਹੁਣ ਉਹ ਤਾਰਾਂ ਦੇ ਉਪਰ ਇਕ ਰੱਖਿਆਤਮਕ ਪਰਤ ਚੜ੍ਹਾਉਣ ਜਾ ਰਹੀ ਹੈ। ਇਕ ਤਾਰ 'ਤੇ ਪਰਤ ਚੜ੍ਹਾਉਣ ਦਾ ਖਰਚ 14 ਆਸਟ੍ਰੇਲੀਆਈ ਡਾਲਰ ਆਏਗਾ। ਕੰਪਨੀ ਮੰਨਦੀ ਹੈ ਕਿ ਆਪਣੇ 3 ਬਿਲੀਅਨ ਡਾਲਰ ਦੇ ਨੈਟਵਰਕ ਨੂੰ ਬਚਾਉਣ ਲਈ ਇਹ ਖਰਚ ਚੁੱਕਿਆ ਜਾ ਸਕਦਾ ਹੈ।