ਆਸਟ੍ਰੇਲੀਆ ਨੇ ਵਾਇਰਸ ਦੌਰਾਨ ਵਿਦੇਸ਼ੀ ਵਿਦਿਆਰਥੀ ਦੇ ਪਹਿਲੇ ਸਮੂਹ ਦਾ ਕੀਤਾ ਸਵਾਗਤ

12/01/2020 6:04:38 PM

ਸਿਡਨੀ (ਭਾਸ਼ਾ): ਕੋਰੋਨਾ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਵਿਚ ਅੱਠ ਮਹੀਨਿਆਂ ਦੇ ਵਕਫੇ ਤੋਂ ਬਾਅਦ ਅੱਜ ਨੌਰਦਨ ਟੈਰਿਟਰੀ ਦੇਸ਼ ਦਾ ਅਜਿਹਾ ਪਹਿਲਾ ਸੂਬਾ ਬਣ ਗਿਆ ਜਿੱਥੇ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਪਹਿਲੇ ਸਮੂਹ ਨੇ ਮੁੜ੍ਹ ਤੋਂ ਕਦਮ ਰੱਖਿਆ। ਇਹ ਵਿਦਿਆਰਥੀ ਆਪਣੀ ਪੜ੍ਹਾਈ ਲਿਖਾਈ ਜਾਰੀ ਕਰਨ ਹਿਤ ਆਸਟ੍ਰੇਲੀਆ ਪਰਤ ਆਏ ਹਨ। ਮੁੱਢਲੇ ਸਿਹਤ ਚੈਕਅਪ ਤੋਂ ਬਾਅਦ, ਸਿੰਗਾਪੁਰ ਤੋਂ ਉਡਾਣ ਭਰ ਕੇ ਅੱਜ ਤੜਕੇ ਸਵੇਰੇ ਡਾਰਵਿਨ ਦੇ ਰਨਵੇਅ 'ਤੇ ਜਦੋਂ ਇੱਕ ਚਾਰਟਰ ਪਲੇਨ ਉਤਰਿਆ ਤਾਂ ਇਸ ਵਿਚ ਚੀਨ, ਹਾਂਗਕਾਂਗ, ਜਪਾਨ, ਵਿਅਤਨਾਮ ਅਤੇ ਇੰਡੋਨੇਸ਼ੀਆ ਦੇ 63 ਵਿਦਿਆਰਥੀ ਸਵਾਰ ਸਨ ਜੋ ਕਿ ਮੁੜ ਤੋਂ ਆਪਣੀ ਪੜ੍ਹਾਈ ਸ਼ੁਰੂ ਕਰਨ ਲਈ ਆਸਟ੍ਰੇਲੀਆ ਪਰਤੇ ਹਨ। 

ਇਹਨਾਂ ਸਾਰੇ ਵਿਦਿਆਰਥੀਆਂ ਨੂੰ 14 ਦਿਨਾਂ ਦੇ ਇਕਾਂਤਵਾਸ ਲਈ ਹੋਵਾਰਡ ਸਪਰਿੰਗਜ਼ ਵਿਚ ਸਥਾਪਿਤ ਕੀਤੀ ਗਈ ਸਰਕਾਰੀ ਰਿਹਾਇਸ਼ ਵਿਚ ਪਹੁੰਚਾਇਆ ਗਿਆ, ਜਿੱਥੇ ਕਿ ਉਹ ਆਪਣਾ ਇਕਾਂਤਵਾਸ ਦਾ ਸਮਾਂ ਬਤੀਤ ਕਰਨ ਤੋਂ ਬਾਅਦ ਚਾਰਲਸ ਡਾਰਵਿਨ ਯੂਨੀਵਰਸਿਟੀ ਵਿਚ ਵਾਪਸ ਪਰਤਣਗੇ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਸਾਈਮਨ ਮੈਡਕਸ ਦਾ ਕਹਿਣਾ ਹੈ ਕਿ ਦੇਸ਼ ਵਿਚ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ‘ਜੀ ਆਇਆਂ ਨੂੰ’ ਕਹਿਣ ਵਾਲੇ ਉਹ ਪਹਿਲੇ ਅਦਾਰੇ ਦੇ ਮੁਖੀ ਹਨ।ਇਸ ਲਈ ਉਨ੍ਹਾਂ ਨੂੰ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫਲਾਈਟ ਵਿਚ ਅਜਿਹੇ ਨਵੇਂ ਅਤੇ ਪੁਰਾਣੇ ਵਿਦਿਆਰਥੀ ਹਨ ਜੋ ਕਿ ਯੂਨੀਵਰਸਿਟੀ ਵਿਚ ਕਈ ਤਰ੍ਹਾਂ ਦੇ ਵੱਖ-ਵੱਖ ਕੋਰਸਾਂ ਵਿਚ ਦਾਖਲ ਹਨ ਜਾਂ ਦਾਖਲਾ ਲੈ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦੌਰਾਨ ਜਾਪਾਨ 'ਚ 'ਬਰਡ ਫਲੂ' ਦਾ ਕਹਿਰ, ਮਾਰੀਆਂ ਜਾਣਗੀਆਂ 18 ਲੱਖ ਤੋਂ ਵੱਧ ਮੁਰਗੀਆਂ

ਇਨ੍ਹਾਂ ਵਿਚ ਲਾਅ, ਨਰਸਿੰਗ, ਆਈ.ਟੀ., ਟੀਚਿੰਗ, ਅਕਾਊਂਟਿੰਗ ਅਤੇ ਇੰਜਨੀਅਰਿੰਗ ਆਦਿ ਕੋਰਸ ਸ਼ਾਮਲ ਹਨ। ਸਬੰਧਤ ਵਿਭਾਗਾਂ ਦੇ ਮੰਤਰੀ ਨਿਕੋਲ ਮੈਨੀਸਨ ਦਾ ਕਹਿਣਾ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀ ਰਾਜ ਦੀ ਅਰਥ-ਵਿਵਸਥਾ ਵਿਚ ਹਿੱਸਾ ਪਾਉਣ ਵਾਲੇ ਅਹਿਮ ਜ਼ਰੀਆ ਹਨ ਅਤੇ ਇਨ੍ਹਾਂ ਦੁਆਰਾ ਪ੍ਰਤੀ ਵਿਦਿਆਰਥੀ 40,693 ਡਾਲਰਾਂ ਦੀ ਰਕਮ ਨਾਲ ਹਿੱਸਾ ਪਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਇਹ ਸ਼ੁਰੂਆਤ ਇੱਕ ਪਾਇਲਟ ਪ੍ਰਾਜੈਕਟ ਦੇ ਤੌਰ ਤੇ ਕੀਤੀ ਗਈ ਹੈ ਅਤੇ ਅਜਿਹਾ ਹੀ ਪਾਇਲਟ ਪ੍ਰਾਜੈਕਟ ਏ.ਸੀ.ਟੀ. ਅਤੇ ਦੱਖਣੀ ਆਸਟ੍ਰੇਲੀਆ ਵੱਲੋਂ ਵੀ ਐਲਾਨਿਆ ਗਿਆ ਹੈ।

Vandana

This news is Content Editor Vandana