37 ਹਜ਼ਾਰ ਫੁੱਟ ਦੀ ਉੱਚਾਈ ''ਤੇ ਜੋੜੇ ਨੇ ਰਚਾਇਆ ਵਿਆਹ, ਏਅਰਲਾਈਨ ਨੇ ਦਿੱਤਾ ਤੋਹਫਾ

11/21/2019 5:59:13 PM

ਸਿਡਨੀ (ਬਿਊਰੋ): ਜਹਾਜ਼ ਵਿਚ 37 ਹਜ਼ਾਰ ਫੁੱਟ ਦੀ ਉੱਚਾਈ 'ਤੇ ਇਕ ਜੋੜੇ ਦੇ ਵਿਆਹ ਰਚਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਊਜ਼ੀਲੈਂਡ ਦੀ ਮਹਿਲਾ ਕੈਥੀ ਅਤੇ ਆਸਟ੍ਰੇਲੀਆ ਦੇ ਪੁਰਸ਼ ਡੇਵਿਡ ਵੈਲੇਂਟ ਨੇ ਸਿਡਨੀ ਤੋਂ ਆਕਲੈਂਡ ਜਾਣ ਵਾਲੀ ਵਪਾਰਕ ਜੈੱਟਸਟਾਰ ਫਲਾਈਟ 201 ਵਿਚ ਵਿਆਹ ਰਚਾਇਆ। ਇਸ ਵਿਆਹ ਦੇ ਗਵਾਹ ਜਹਾਜ਼ ਦੇ ਸਾਰੇ ਯਾਤਰੀ ਬਣੇ। ਏਅਰਲਾਈਨ ਨੇ ਇਸ ਵਿਆਹ ਲਈ ਜੋੜੇ ਤੋਂ ਕੋਈ ਫੀਸ ਨਹੀਂ ਲਈ ਸਗੋਂ ਉਨ੍ਹਾਂ ਦੀ ਇੱਛਾ ਦੇ ਮੁਤਾਬਕ ਪੂਰਾ ਸਹਿਯੋਗ ਦਿੱਤਾ। 

ਸਿਡਨੀ ਤੋਂ ਟੇਕ ਆਫ ਹੁੰਦੇ ਹੀ ਲਾੜੇ-ਲਾੜੀ ਨੇ ਹਵਾ ਵਿਚ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਅਤੇ ਇਕੱਠੇ ਰਹਿਣ ਦਾ ਵਾਅਦਾ ਕੀਤਾ। ਜਿਵੇਂ ਹੀ ਫਲਾਈਟ ਅੱਧੇ ਰਸਤੇ ਵਿਚ ਪਹੁੰਚੀ ਤਾਂ ਵਿਆਹ ਦੀ ਰਸਮ ਅਦਾ ਕੀਤੀ ਗਈ। ਵਿਆਹ ਦੇ ਬਾਅਦ ਲਾੜੀ ਕੈਥੀ ਨੇ ਕਿਹਾ,''ਇਹ ਸਭ ਤੋਂ ਸ਼ਾਨਦਾਰ ਅਨੁਭਵ ਰਿਹਾ। ਅਸੀਂ ਇਸ ਨੂੰ ਪੂਰੀ ਜ਼ਿੰਦਗੀ ਯਾਦ ਰੱਖਾਂਗੇ। ਸਾਡੀ ਜਾਣ-ਪਛਾਣ 2011 ਵਿਚ ਕੰਪਿਊਟਰ ਗੇਮ ਖੇਡਣ ਦੇ ਦੌਰਾਨ ਹੋਈ ਸੀ। 2 ਸਾਲ ਬਾਅਦ 2013 ਵਿਚ ਮੇਰੀ ਮੁਲਾਕਾਤ ਸਿਡਨੀ ਹਵਾਈ ਅੱਡੇ 'ਤੇ ਡੇਵਿਡ ਨਾਲ ਹੋਈ। ਹਵਾਈ ਸਫਰ ਦੇ ਪ੍ਰਤੀ ਸਾਡਾ ਪਿਆਰ ਹੀ ਸਾਨੂੰ ਇਕੱਠੇ ਇਸ ਮੁਕਾਮ 'ਤੇ ਲਿਆਇਆ।'' 

ਕੈਥੀ ਨੇ ਅੱਗੇ ਦੱਸਿਆ,''ਪਹਿਲਾਂ ਡੇਵਿਡ ਨੇ ਬ੍ਰਿਸਬੇਨ ਤੋਂ ਮੈਲਬੌਰਨ ਜਾ ਰਹੀ ਫਲਾਈਟ ਵਿਚ ਮੈਨੂੰ ਵਿਆਹ ਲਈ ਪ੍ਰਪੋਜ਼ ਕਰਨ ਦੀ ਯੋਜਨਾ ਬਣਾਈ ਸੀ ਪਰ ਝਿਜਕ ਦੇ ਕਾਰਨ ਉਹ ਅਜਿਹਾ ਨਾ ਕਰ ਸਕਿਆ ਸੀ। ਭਾਵੇਂਕਿ ਡੇਵਿਡ ਨੇ ਉਸੇ ਸ਼ਾਮ ਮੈਨੂੰ ਪ੍ਰਪੋਜ਼ ਕਰ ਦਿੱਤਾ ਸੀ।'' ਕੈਥੀ ਨੇ ਦੱਸਿਆ ਕਿ ਉਹ ਆਪਣੇ ਵਿਆਹ ਵਿਚ ਕੁਝ ਯਾਦਗਾਰ ਕਰਨਾ ਚਾਹੁੰਦੀ ਸੀ। ਇਸ ਲਈ ਉਸ ਨੇ ਆਪਣਾ ਆਈਡੀਆ ਜੈੱਟਸਟਾਰ ਦੇ ਫੇਸਬੁੱਕ ਪੇਜ 'ਤੇ ਪੋਸਟ ਕੀਤਾ। ਕੈਥੀ ਮੁਤਾਬਕ,''ਅਸੀਂ ਆਪਣੇ ਵਿਆਹ ਨੂੰ ਹਵਾਬਾਜ਼ੀ ਦੇ ਪ੍ਰਤੀ ਆਸਟ੍ਰੇਲੀਆ-ਨਿਊਜ਼ੀਲੈਂਡ ਅਤੇ ਇਕ-ਦੂਜੇ ਲਈ ਪ੍ਰਤੀਕ ਦੇ  ਤੌਰ 'ਤੇ ਯਾਦਗਾਰ ਬਣਾਉਣਾ ਚਾਹੁੰਦੇ ਸੀ। ਇਹ ਆਈਡੀਆ ਜੈੱਟਸਟਾਰ ਨੇ ਸਵੀਕਾਰ ਕਰ ਲਿਆ ਅਤੇ ਬਿਨਾਂ ਪੈਸੇ ਲਏ ਸਾਰੇ ਇੰਤਜ਼ਾਮ ਕਰ ਦਿੱਤੇ।''

ਇਸ ਮੌਕੇ 'ਤੇ ਜੈੱਟਸਟਾਰ ਦੇ ਚਾਲਕ ਦਲ ਦੇ ਮੈਂਬਰ ਰੋਬਿਨ ਹਾਲਟ ਨੇ ਕਿਹਾ,''ਯਾਤਰੀਆਂ ਨੇ ਡੇਵਿਡ ਅਤੇ ਕੈਥੀ ਦੇ ਵਿਆਹ ਦਾ ਆਨੰਦ ਲਿਆ। ਇਸ ਦੀ ਜਾਣਕਾਰੀ ਫਲਾਈਟ ਵਿਚ ਸਫਰ ਕਰ ਰਹੇ ਸਾਰੇ ਯਾਤਰੀਆਂ ਨੂੰ ਪਹਿਲਾਂ ਹੀ ਈ-ਮੇਲ ਜ਼ਰੀਏ ਦੇ ਦਿੱਤੀ ਗਈ ਸੀ। ਉਨ੍ਹਾਂ ਨੂੰ ਇਹ ਆਫਰ ਵੀ ਦਿੱਤਾ ਗਿਆ ਸੀ ਜੇਕਰ ਉਹ ਆਪਣੀ ਫਲਾਈਟ ਬਦਲਣਾ ਚਾਹੁਣ ਤਾਂ ਬਦਲ ਲੈਣ। ਇਸ ਲਈ ਉਨ੍ਹਾਂ ਤੋਂ ਕੋਈ ਵਧੀਕ ਚਾਰਜ ਨਹੀਂ ਲਿਆ ਜਾਵੇਗਾ।''

Vandana

This news is Content Editor Vandana