ਆਸਟ੍ਰੇਲੀਆ : ਸ਼ਹੀਦ ਪੁਲਸ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਕੱਢੀ ਗਈ ਬਾਈਕ ਯਾਤਰਾ

09/14/2018 12:32:15 PM

ਮੈਲਬੌਰਨ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ ਵਿਚ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਸ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ 300 ਤੋਂ ਵਧੇਰੇ ਮੋਟਰਸਾਈਕਲਿਸਟ ਸੜਕਾਂ 'ਤੇ ਉੱਤਰੇ। ਬਾਈਕ ਸਵਾਰਾਂ ਨੇ ਆਪਣੀ ਯਾਤਰਾ ਸ਼ੁੱਕਰਵਾਰ ਸਵੇਰੇ ਸੈਂਟ ਕਿਲਡਾ ਰੋਡ 'ਤੇ ਵਿਕਟੋਰੀਆ ਪੁਲਸ ਮੈਮੋਰੀਅਲ ਤੋਂ ਸ਼ੁਰੂ ਕੀਤੀ। ਜਾਣਕਾਰੀ ਮੁਤਾਬਕ ਬਾਈਕ ਸਵਾਰ ਕੱਲ ਕੈਨਬਰਾ ਰਵਾਨਾ ਹੋਣ ਤੋਂ ਪਹਿਲਾਂ ਪੂਰੀ ਰਾਤ ਦੱਖਣੀ ਨਿਊ ਸਾਊਥ ਵੇਲਜ਼ ਦੇ ਮੈਰੀਮਬੁਲਾ ਵਿਚ ਰੁਕਣਗੇ। ਇੱਥੋਂ ਉਹ 9ਵੀਂ ਸਾਲਾਨਾ 'ਵਾਲ ਟੂ ਵਾਲ ਰਾਈਡ' ਲਈ ਦੂਜੇ ਰਾਜਾਂ ਦੀਆਂ ਪੁਲਸ ਨਾਲ ਜੁੜਣਗੇ। 

ਐਕਟਿੰਗ ਚੀਫ ਕਮਿਸ਼ਨਰ ਸ਼ੇਨ ਪੈਟਨ ਨੇ ਵਿਰਾਸਤੀ ਬੈਟਨ ਪਾਸ ਕੀਤਾ, ਜਿਸ ਵਿਚ ਉਨ੍ਹਾਂ ਸਾਰੇ ਵਿਕਟੋਰੀਅਨ ਪੁਲਸ ਮੈਂਬਰਾਂ ਦੇ ਨਾਮ ਸ਼ਾਮਲ ਹਨ, ਜੋ 17 ਸਾਲਾ ਐਮਰਸਨ ਜੈਸਨ ਸਪਰਿੱਗਜ਼ ਦੀ ਸੇਵਾ ਕਰਦਿਆਂ ਸ਼ਹੀਦ ਹੋ ਗਏ ਸਨ। ਪੈਟਨ ਨੇ ਇਸ ਯਾਤਰਾ ਨੂੰ ''ਕੌਮੀ ਪੱਧਰ 'ਤੇ ਮਹੱਤਵਪੂਰਣ'' ਅਤੇ ''ਸਮਰਥਨ ਦਾ ਪ੍ਰਦਰਸ਼ਨ'' ਦੱਸਿਆ।

ਉਨ੍ਹਾਂ ਮੁਤਾਬਕ,''ਅਜਿਹਾ ਕਰਨਾ ਇਹ ਦਰਸਾਉਂਦਾ ਹੈ ਕਿ ਅਸੀਂ ਆਪਣੇ ਸ਼ਹੀਦ ਸਾਥੀਆਂ ਨੂੰ ਕਿਵੇਂ ਯਾਦ ਕਰਦੇ ਹਾਂ।'' ਇਸ ਯਾਤਰਾ ਦੌਰਾਨ ਸ਼ਹੀਦ ਹੋਏ ਪੁਲਸ ਵਾਲਿਆਂ ਦੇ ਪਰਿਵਾਰਾਂ ਦੀ ਮਦਦ ਲਈ ਫੰਡ ਵੀ ਇਕੱਠਾ ਕੀਤਾ ਜਾਵੇਗਾ।