ਆਸਟ੍ਰੇਲੀਆ : ਵਿਅਕਤੀ ਨੇ ਚਾਕੂ ਨਾਲ ਕੀਤਾ ਹਮਲਾ, ਇਕ ਦੀ ਮੌਤ ਤੇ ਦੋ ਜ਼ਖਮੀ

11/09/2018 2:34:59 PM

ਸਿਡਨੀ (ਬਿਊਰੋ)— ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਦੀ ਬੋਰਕੇ ਸਟ੍ਰੀਟ ਵਿਚ ਸ਼ੁੱਕਰਵਾਰ ਨੂੰ ਇਕ ਵਿਅਕਤੀ ਨੇ ਝਗੜੇ ਦੌਰਾਨ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਗੰਭੀਰ ਜ਼ਖਮੀ ਹੋਏ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੀੜਤਾਂ ਦੀ ਹਾਲਤ ਬਾਰੇ ਫਿਲਹਾਲ ਹਾਲੇ ਕੋਈ ਜਾਣਕਾਰੀ ਨਹੀਂ ਹੈ। ਇਕ ਤਸਵੀਰ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਸਵਾਨਸਟੋਨ ਸਟ੍ਰੀਟ ਦੇ ਚੌਰਾਹੇ ਦੇ ਨੇੜੇ ਇਕ ਵਿਅਕਤੀ ਚਾਕੂ ਨਾਲ ਪੁਲਸ ਅਧਿਕਾਰੀਆਂ ਦੇ ਇਕ ਸਮੂਹ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਵਿਚੋਂ ਇਕ ਅਧਿਕਾਰੀ ਹਮਲਾਵਰ ਵਿਅਕਤੀ ਦੀ ਛਾਤੀ ਵਿਚ ਗੋਲੀ ਮਾਰ ਦਿੰਦਾ ਹੈ। ਸੁਪਰਡੈਂਟ ਡੈਵਿਡ ਕਲੇਅਟਨ ਨੇ ਪੁਸ਼ਟੀ ਕੀਤੀ ਕਿ ਸ਼ੱਕੀ ਨੇ ਪੁਲਸ ਅਧਿਕਾਰੀਆਂ ਦੇ ਸਮੂਹ 'ਤੇ ਹਮਲਾ ਕਰਨ ਤੋਂ ਪਹਿਲਾਂ ਤਿੰਨ ਲੋਕਾਂ ਨੂੰ ਚਾਕੂ ਮਾਰਿਆ ਸੀ। ਉੱਥੋਂ ਲੰਘਣ ਵਾਲਿਆਂ ਨੇ ਵੀ ਦੱਸਿਆ ਕਿ ਹਮਲਾਵਰ ਨੇ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। 

ਜਦੋਂ ਪੁਲਸ ਦਾ ਹਮਲਾਵਰ ਨਾਲ ਸਾਹਮਣਾ ਹੋਇਆ ਉਸ ਸਮੇਂ ਉਸ ਨੂੰ ਸਵਾਨਸਟਨ ਸਟ੍ਰੀਟ ਦੇ ਚੌਰਾਹੇ ਨੇੜੇ ਖੜ੍ਹੀ ਇਕ ਕਾਰ ਵਿਚ ਅੱਗ ਲੱਗਣ ਦੀ ਘਟਨਾ ਮਗਰੋਂ ਬੁਲਾਇਆ ਗਿਆ ਸੀ। ਜਿਵੇਂ ਹੀ ਅਧਿਕਾਰੀ ਕਾਰ ਵਿਚੋਂ ਬਾਹਰ ਨਿਕਲੇ ਉਨ੍ਹਾਂ ਦਾ ਸਾਹਮਣਾ ਚਾਕੂ ਲੈ ਕੇ ਧਮਕਾਉਣ ਆਏ ਵਿਅਕਤੀ ਨਾਲ ਹੋਇਆ। ਨਜ਼ਦੀਕੀ ਪੁਲਸ ਅਧਿਕਾਰੀਆਂ ਨੇ ਹਮਲੇ ਦਾ ਜਵਾਬ ਦਿੱਤਾ।

ਇਕ ਅਧਿਕਾਰੀ ਹਮਲਾਵਰ ਵਿਅਕਤੀ ਦੀ ਛਾਤੀ ਵਿਚ ਗੋਲੀ ਮਾਰ ਦਿੰਦਾ ਹੈ। ਗੋਲੀ ਲੱਗਣ ਮਗਰੋਂ ਹਮਲਾਵਰ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਇਸ ਘਟਨਾ ਦਾ ਅੱਤਵਾਦ ਨਾਲ ਕੋਈ ਸਬੰਧ ਨਹੀਂ ਹੈ। ਬੰਬ ਰੋਕੂ ਦਸਤਾ ਸੜ ਚੁੱਕੀ ਗੱਡੀ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਚੁੱਕਾ ਹੈ।

ਮੌਕੇ 'ਤੇ ਪਹੁੰਚੀ ਪੁਲਸ ਨੇ ਆਮ ਜਨਤਾ ਨੂੰ ਇਸ ਖੇਤਰ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਮੈਟਰੋਪਾਲਟੀਨ ਫਾਇਰ ਬ੍ਰਿਗੇਡ ਨੇ ਕਿਹਾ ਕਿ ਅੱਗ 'ਤੇ 10 ਮਿੰਟ ਦੇ ਅੰਦਰ ਹੀ ਕਾਬੂ ਕਰ ਲਿਆ ਗਿਆ। ਇਕ ਚਸ਼ਮਦੀਦ ਸ਼ੈਲੀ ਰੀਡ ਨੇ ਦੱਸਿਆ ਕਿ ਕਾਰ ਵਿਚੋਂ ਇਕ ਵੱਡੀ ਰੋਸ਼ਨੀ ਨਿਕਲੀ ਅਤੇ ਧਮਾਕਾ ਹੋਇਆ। ਇਸ ਖੇਤਰ ਵੱਲ ਟਰਾਮਾਂ ਨੂੰ ਜਾਣ ਤੋਂ ਰੋਕ ਦਿੱਤਾ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਈ ਹੈ। ਜਾਂਚ ਪੂਰੀ ਹੋਣ ਮਗਰੋਂ ਉੱਥੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਇਸ ਘਟਨਾ ਮਗਰੋਂ ਮੇਅਰ ਕ੍ਰਿਸਮਸ ਵਿੰਡੋਜ਼ ਲਈ ਉਦਘਾਟਨ ਸਮਾਰੋਹ ਨੂੰ ਰੱਦ ਕਰ ਦਿੱਤਾ ਗਿਆ ਹੈ।

Vandana

This news is Content Editor Vandana