ਕਾਬੁਲ ਵਿਚ ਅਮਰੀਕੀ ਯੂਨੀਵਰਸਿਟੀ ''ਤੇ ਹਮਲਾ , ਦੋਵੇਂ ਬੰਦੂਕਧਾਰੀ ਢੇਰ (ਤਸਵੀਰਾਂ)

08/25/2016 9:37:52 AM

ਕਾਬੁਲ— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ''ਚ ਅਮਰੀਕੀ ਯੂਨੀਵਰਸਿਟੀ ਕੰਪਲੈਕਸ ਵਿਚ  ਬੁੱਧਵਾਰ ਸ਼ਾਮ ਨੂੰ ਹਮਲਾ ਹੋਇਆ ਸੀ। ਤਾਜਾ ਜਾਣਕਾਰੀ ਮੁਤਾਬਕ ਹੁਣ ਇਹ ਹਮਲਾ ਖਤਮ ਹੋ ਗਿਆ। ਸੁਰੱਖਿਆ ਫੌਜ ਨੇ ਹਮਲਾ ਕਰਨ ਵਾਲੇ ਦੋਹਾਂ ਬੰਦੂਕਧਾਰੀਆਂ ਨੂੰ ਮਾਰ ਸੁੱਟਿਆ ਹੈ। ਘਟਨਾ ਵਾਲੇ ਸਥਾਨ ''ਤੇ ਮੌਜੂਦ ਇਕ ਪੁਲਸ ਅਧਿਕਾਰੀ ਨੇ ਇਸ ਗੱਲ ਬਾਰੇ ਜਾਣਕਾਰੀ ਦਿੱਤੀ। ਵੀਰਵਾਰ ਸ਼ਾਮ ਨੂੰ ਬੰਬ ਧਮਾਕੇ ਅਤੇ ਗੋਲੀਬਾਰੀ ਨਾਲ ਸ਼ੁਰੂ ਹੋਏ ਹਮਲੇ ''ਚ 7 ਵਿਅਕਤੀਆਂ ਦੀ ਮੌਤ ਹੋ ਗਈ ਜਦ ਕਿ 20 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਕੁੱਝ ਹੋਰ ਅਖਬਾਰਾਂ ਦਾ ਕਹਿਣਾ ਹੈ ਕਿ ਇੱਥੇ 12 ਵਿਅਕਤੀਆਂ ਦੀ ਮੌਤ ਹੋਈ ਹੈ। ਪੁਲਸ ਨੇ ਦੱਸਿਆ ਕਿ ਯੂਨੀਵਰਸਿਟੀ ਕੰਪਲੈਕਸ ''ਚੋਂ ਲਗਭਗ 500 ਵਿਦਿਆਰਥੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਕੰਪਲੈਕਸ ਵਿਚ ਹਮਲਾ ਕਰਨ ਵਾਲੇ ਅੱਤਵਾਦੀਆਂ ਨੂੰ ਲਗਭਗ 10 ਘੰਟਿਆਂ ਮਗਰੋਂ ਹੀ ਮਾਰ ਦਿੱਤਾ ਗਿਆ ਸੀ। ਕਾਬੁਲ ਪੁਲਸ ਦੇ ਅਪਰਾਧਿਕ ਜਾਂਚ ਵਿਭਾਗ ਦੇ ਮੁਖੀ ਨੇ ਕਿਹਾ,''ਅਸੀਂ ਆਪਣੀ ਮੁਹਿੰਮ ਖਤਮ ਕਰ ਲਈ ਹੈ। ਦੋ ਹਮਲਾਵਰਾਂ ਨੂੰ ਮਾਰਿਆ ਜਾ ਚੁੱਕਾ ਹੈ।'' ਉਨ੍ਹਾਂ ਨੇ ਹਮਲੇ ਵਿਚ ਜ਼ਖਮੀ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ।