ਸਪੇਸ ''ਚ ਖੋਜੇ ਗਏ ਦੋ ਨਵੇਂ ਗ੍ਰਹਿ, ਦੋਵੇਂ ਆਕਾਰ ''ਚ ਧਰਤੀ ਤੋਂ ਦੁੱਗਣੇ

06/29/2020 6:02:35 PM

ਬਰਲਿਨ (ਬਿਊਰੋ): ਵਿਗਿਆਨੀਆਂ ਨੂੰ ਸਪੇਸ ਵਿਚ ਦੋ ਧਰਤੀ ਵਰਗੇ ਗ੍ਰਹਿ ਮਿਲੇ ਹਨ। ਦੋਹਾਂ ਗ੍ਰਹਿਆਂ 'ਤੇ ਜੀਵਨ ਹੋਣ ਦੀ ਸੰਭਾਵਨਾ ਵੀ ਮੰਨੀ ਜਾ ਰਹੀ ਹੈ। ਇਹ ਖੋਜ ਜਰਮਨੀ ਦੇ ਖਗੋਲ ਵਿਗਿਆਨੀਆਂ ਨੇ ਕੀਤੀ ਹੈ। ਇਹ ਦੋਵੇਂ ਗ੍ਰਹਿ ਸਾਡੀ ਧਰਤੀ ਵਾਂਗ ਹੀ ਹਨ ਅਤੇ ਇਹਨਾਂ ਦੀ ਦੂਰੀ 11 ਪ੍ਰਕਾਸ਼ ਸਾਲ ਹੈ। ਵਿਗਿਆਨੀਆਂ ਨੇ ਦੱਸਿਆ ਕਿ ਇਸ ਸੁਪਰਅਰਥ ਦਾ ਨਾਮ ਗਿਲਸੇ 887 (Gliese 887) ਅਤੇ ਗਿਲਸੇ 887 ਬੀ (Gliese 887B) ਹੈ। ਦੋਵੇਂ ਸਾਡੀ ਧਰਤੀ ਤੋਂ ਆਕਾਰ ਵਿਚ ਦੁੱਗਣੇ ਹਨ। 

ਇਹਨਾਂ ਦਾ ਦ੍ਰਵਮਾਨ ਵੀ ਜ਼ਿਆਦਾ ਹੈ। ਦੋਵੇਂ ਗ੍ਰਹਿ ਯੂਰੇਨਸ ਅਤੇ ਨੈਪਚੂਨ ਦੀ ਤੁਲਨਾ ਵਿਚ ਛੋਟੇ ਹਨ। ਦੋਵੇ ਗ੍ਰਹਿ ਸਾਡੇ ਸੌਰ ਮੰਡਲ ਤੋਂ ਬਾਹਰ ਮਿਲੇ ਹਨ। ਯੂਨੀਵਰਸਿਟੀ ਆਫ ਗੋਟਿੰਗਟਨ ਦੀ ਖਗੋਲ ਵਿਗਿਆਨੀ ਸੈਂਡ੍ਰਾ ਜੈਫਰਸ ਨੇ ਇਹਨਾਂ ਦੋਹਾਂ ਗ੍ਰਹਿਆਂ ਦੀ ਖੋਜ ਕੀਤੀ ਹੈ। ਇਸ ਦੀ ਰਿਪੋਰਟ ਜਰਨਲ ਸਾਈਂਸ ਵਿਚ ਵੀ ਛਪੀ ਹੈ। ਸੈਂਡ੍ਰਾ ਕਹਿੰਦੀ ਹੈ ਕਿ ਇਹ ਗ੍ਰਹਿ ਸਾਡੇ ਸੌਰ ਮੰਡਲ ਦੇ ਬਾਹਰ ਜੀਵਨ ਦੀਆਂ ਖੋਜ ਕੀਤੀਆਂ ਸੰਭਾਵਨਾਵਾਂ ਨੂੰ ਵਧਾਉਂਦੇ ਹਨ। ਇਹਨਾ ਦੇ ਅਧਿਐਨ ਨਾਲ ਕਾਫੀ ਲਾਭ ਹੋਵੇਗਾ। 

ਸੈਂਡ੍ਰਾ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਸਪੈਕਟ੍ਰੋਗ੍ਰਾਫ ਦੀ ਵਰਤੋਂ ਕਰਦਿਆਂ ਸਿਸਟਮ ਦੀ ਨਿਗਰਾਨੀ ਕੀਤੀ। ਸੈਂਡ੍ਰਾ ਦੀ ਟੀਮ ਨੇ ਗਿਲਸੇ 887 'ਤੇ ਲੱਗਭਗ 20 ਸਾਲਾ ਦੇ ਡਾਟਾ ਦਾ ਵਿਸ਼ਲੇਸ਼ਣ ਵੀ ਕੀਤਾ। ਦੋਵੇਂ ਨਵੇਂ ਗ੍ਰਹਿਆਂ ਦੀ ਪੰਧ ਵਿਚ ਘੁੰਮਣ ਦੀ ਗਤੀ ਜ਼ਿਆਦਾ ਹੈ। ਇਹ ਬੁੱਧ ਦੇ ਮੁਕਾਬਲੇ ਵੀ ਜ਼ਿਆਦਾ ਤੇਜ਼ ਗਤੀ ਨਾਲ ਘੁੰਮ ਰਹੇ ਹਨ। ਗਿਲਸੇ 887 ਬੀ ਅਤੇ ਗਿਲਸੇ 887 ਆਪਣੇ ਤਾਰੇ ਦੇ ਨੇੜੇ ਸਥਿਤ ਹਨ।ਇੱਥੇ ਤਰਲ ਰੂਪ ਵਿਚ ਪਾਣੀ ਹੋਣ ਦੀ ਸੰਭਾਵਨਾ ਵੀ ਹੈ। ਇਹ ਦੋਵੇ ਗ੍ਰਹਿ ਮੰਗਲ ਅਤੇ ਪ੍ਰਿਥਵੀ ਦੀ ਤਰ੍ਹਾਂ ਚੱਟਾਨੀ ਗ੍ਰਹਿ ਵੀ ਹੋ ਸਕਦੇ ਹਨ। ਨਵੇਂ ਖੋਜੇ ਗਏ ਦੋਵੇਂ ਗ੍ਰਹਿਆਂ ਦਾ ਵਾਯੂਮੰਡਲ ਧਰਤੀ ਦੇ ਵਾਯੂਮੰਡਲ ਦੀ ਤੁਲਨਾ ਵਿਚ ਜ਼ਿਆਦਾ ਮੋਟਾ ਹੋ ਸਕਦਾ ਹੈ। ਇਸ ਲਈ ਇੱਥੇ ਜੀਵਨ ਦੀਆਂ ਕਾਫੀ ਸੰਭਾਵਨਾਵਾਂ ਹਨ। ਪਰ ਵਿਗਿਆਨੀ  ਹਾਲੇ ਹੋਰ ਅਧਿਐਨ ਵਿਚ ਲੱਗੇ ਹੋਏ ਹਨ ਤਾਂ ਜੋ ਇਹਨਾਂ ਗ੍ਰਹਿਆਂ 'ਤੇ ਜੀਵਨ ਦੀਆਂ ਸੰਭਾਵਨਾਵਾਂ ਦੀ ਪੁਸ਼ਟੀ ਕੀਤੀ ਜਾ ਸਕੇ।

Vandana

This news is Content Editor Vandana