ਬਰਤਾਨੀਆ ''ਚ ਏਸ਼ੀਅਨ ਮੂਲ ਦੇ 18 ਮੈਬਰੀ ਗਿਰੋਹ ਨੂੰ ਨਾਬਾਲਗ ਬੱਚੀਆਂ ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ ''ਚ ਜੇਲ

08/19/2017 7:10:01 AM

ਲੰਡਨ (ਰਾਜਵੀਰ ਸਮਰਾ)— ਨਿਓਕਾਂਸਲ ਸ਼ਹਿਰ 'ਚ ਪਿੱਛਲੇ ਦਿਨੀ ਏਸ਼ੀਅਨ ਮੂਲ ਦੇ 17 ਬੰਦਿਆ ਸਮੇਤ 18 ਮੈਬਰੀ ਗਿਰੋਹ ਨੂੰ ਨਾਬਾਲਗ ਬੱਚੀਆਂ ਦੇ ਜਿਨਸੀ ਸ਼ੋਸ਼ਣ ਤਹਿਤ ਕਾਬੂ ਕੀਤਾ ਗਿਆ। ਜਿਨ੍ਹਾਂ ਖਿਲਾਫ ਬਲਾਤਕਾਰ, ਜਿਨਸੀ ਸ਼ੋਸ਼ਣ, ਮਨੁੱਖੀ ਸਮੱਗਲਿੰਗ ਅਤੇ ਵੇਸ਼ਵਾਗਮਨੀ ਕਰਾਉਣ ਵਰਗੇ 100 ਦੇ ਕਰੀਬ ਦੋਸ਼ ਸਿੱਧ ਹੋਏ ਹਨ। ਦੋਸ਼ੀਆਂ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ। ਨਿਓਕਾਂਸਲ ਕਰਾਊਨ ਕੋਰਟ 'ਚ ਇਸ ਸਬੰਧੀ ਮੁੱਕਦਮੇ ਦੀ ਆਖ਼ਿਰੀ ਕੜੀ ਦੀ ਸੁਣਵਾਈ ਦੌਰਾਨ ਸਾਹਮਣੇ ਆਇਆ ਸੀ ਕਿ ਇਸ ਕੇਸ ਦੀ ਜਾਂਚ ਪੜਤਾਲ ਦੌਰਾਨ ਪੁਲਸ ਨੂੰ 108 ਪੀੜਤਾਂ ਦੀ ਪਛਾਣ ਹੋਈ ਸੀ। ਜਿਨ੍ਹਾਂ 'ਚੋਂ ਕਈਆਂ ਨੂੰ 13 ਸਾਲ ਦੀ ਕੱਚੀ ਉਮਰ 'ਚ ਹੀ ਵਰਗਲਾ ਕੇ ਉਨ੍ਹਾਂ ਨੂੰ ਜਿਨਸੀ ਸ਼ੋਸ਼ਣ ਦਾ ਨਿਸ਼ਾਨਾ ਬਣਾਇਆ ਗਿਆ। ਇਸ ਗਿਰੋਹ 'ਚ ਸ਼ਾਮਿਲ ਦੋਸ਼ੀਆਂ 'ਚੋਂ ਬਹੁਤੇ ਬਰਤਾਨੀਆ ਦੇ ਜੰਮਪਲ ਅਤੇ ਪਿਛਿਉ ਬੰਗਲਾਦੇਸ਼ੀ, ਪਾਕਿਸਤਾਨੀ, ਭਾਰਤੀ, ਇਰਾਕੀ , ਇਰਾਨੀ ਅਤੇ ਤੁਰਕੀ ਮੂਲ ਦੇ ਦੱਸੇ ਜਾਂਦੇ ਹਨ। ਕਈ ਪੀੜਤਾਂ ਵਲੋਂ ਦਰਦਨਾਕ ਬਿਆਨ ਦਰਜ ਕਰਵਾਏ ਗਏ। ਜਿਨ੍ਹਾਂ 'ਚ 13 ਸਾਲਾਂ ਬੱਚੀ, ਜੋ ਕਿ ਉਦੋਂ ਸਮਾਜਿਕ ਦੇਖ ਰੇਖ ਹੇਠ ਸੀ, ਉਨ੍ਹਾਂ ਦਾਅਵਾ ਕੀਤਾ ਕਿ ਉਸ ਨੂੰ ਡਰੱਗ ਦਾ ਨਸ਼ਾ ਦੇ ਕੇ ਇਕ ਤੋਂ ਬਾਅਦ ਇਕ ਬੰਦੇ ਕੋਲ ਭੇਜਿਆ ਜਾਂਦਾ ਸੀ। ਉਸ ਨੂੰ ਕੇਅਰ ਹੋਮ 'ਚੋਂ ਮਰਸਡੀਜ਼ ਕਾਰ ਵਿਚ ਲਿਜਾਇਆ ਜਾਂਦਾ ਸੀ ਅਤੇ ਫਿਰ ਉਸ ਨੂੰ ਸ਼ਰਾਬ ਅਤੇ ਡਰੱਗ ਦੇ ਕੇ ਜਿਨਸੀ ਹਵਸ ਪੂਰੀ ਕਰਨ ਲਈ ਵਰਤਿਆ ਜਾਂਦਾ ਸੀ। ਕਈ ਪੀੜਤਾ ਨੂੰ ਨਸ਼ਾ ਉਤਰ ਜਾਣ 'ਤੇ ਪਤਾ ਚਲਦਾ ਸੀ, ਜਦ ਕਿ ਕਈਆਂ ਨੂੰ ਕਿਸੇ ਫਲੈਟ 'ਚ ਦਰਵਾਜੇ ਮੂਹਰੇ ਅਲਮਾਰੀਆਂ ਰੱਖ ਕੇ ਬੰਦ ਰੱਖਿਆ ਜਾਂਦਾ ਸੀ।
ਇਸ ਅਪਰਾਧ 'ਚ ਸ਼ਾਮਿਲ ਗਿਰੋਹ 'ਚੋਂ ਅਬਦੁਲ ਸਾਬੀ (40), ਹਬੀਬੁਰ ਰਹੀਮ (34), ਬਬਰੁਲ ਹੁਸੈਨ (37), ਅਬਦੁਲ ਹਮੀਦ ਮਿਨੋਈ (34), ਜਹਾਂਗੀਰ ਜਮਾਨ (45), ਮੌਜੂਰ ਚੌਧਰੀ (33), ਤਿਹਰੁਲ ਆਲਮ (32), ਮੁਹੰਮਦ ਹਸਾਨ ਅਲੀ (34), ਨਦੀਮ ਅਸਲਮ (43), ਮੁਹੰਮਦ ਅਜਰਮ (35), ਯਾਸਰ ਹੁਸੈਨ (28), ਸੈਫਲ ਇਸਲਾਮ (35), ਈਸਾ ਮੋਸਾਵੀ (42), ਪ੍ਰਭਾਤ ਨੈਲੀ (33), ਮੋਹੀਬਰ ਰਹਿਮਾਨ (44), ਨਸੀਰ ਉਦੀਂਨ (35), ਅਤੇ ਰਿਚਵਾਂਨ ਸਦੀਕੀ ਸਮੇਤ 17 ਸਾਲਾ ਲੜਕੀ ਕੇਰੋਲਮ ਗੈਲਨ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਨ੍ਹਾਂ 'ਤੇ ਜਿਨਸੀ ਸ਼ੋਸ਼ਣ ਅਤੇ ਡਰੱਗ ਸਬੰਧੀ ਕਈ ਤਰ੍ਹਾਂ ਦੇ ਦੋਸ਼ ਸਾਬਿਤ ਹੋਏ ਹਨ। ਇਸੇ ਦੌਰਾਨ ਪੁਲਸ ਵਲੋਂ ਇਸ ਮਾਮਲੇ ਨਾਲ ਜੁੜੇ ਇਕ ਬਲਾਤਕਾਰੀ ਨੂੰ ਜਾਣਕਾਰੀ ਇਕੱਠੀ ਕਰਨ ਲਈ ਮੁੱਖਬਰ ਵਜੋਂ 10,000 ਪੌਂਡ ਅਦਾ ਕੀਤੇ ਜਾਣ ਦੀ ਵੀ ਆਲੋਚਨਾ ਹੋ ਰਹੀ ਹੈ। ਇਸ ਏਸ਼ੀਅਨ ਬੰਦੇ ਨੂੰ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਉਸ 'ਤੇ ਜਿਨਸੀ ਹਮਲੇ ਕਰਨ ਦੇ ਦੋਸ਼ ਤਹਿਤ 7 ਸਾਲ ਕੈਦ ਦੀ ਸਜ਼ਾ ਹੋ ਚੁੱਕੀ ਹੈ।