ਅਸ਼ਰਫ ਗਨੀ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ ਤੇ ਅਬਦੁੱਲਾ ਨੇ ‘ਸੰਭਾਲਿਆ’ ਅਹੁਦਾ

03/10/2020 3:00:45 AM

ਕਾਬੁਲ (ਏ. ਐੱਫ. ਪੀ.) – ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਸੋਮਵਾਰ ਦੂਜੇ ਕਾਰਜਕਾਲ ਲਈ ਦੇਸ਼ ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ। ਉਨ੍ਹਾਂ ਦੇ ਵਿਰੋਧੀ ਅਬਦੁੱਲਾ-ਅਬਦੁੱਲਾ ਨੇ ਵੀ ਇਕ ਵੱਖਰੇ ਸਮਾਰੋਹ ਦੌਰਾਨ ਮਤਵਾਜ਼ੀ ਰਾਸ਼ਟਰਪਤੀ ਵਜੋਂ ਸਹੁੰ ਚੁੱਕ ਕੇ ਅਹੁਦਾ ‘ਸੰਭਾਲਿਆ’। ਇਸ ਕਾਰਣ ਤਾਲਿਬਾਨ ਨਾਲ ਸ਼ਾਂਤੀਵਾਰਤਾ ਤੋਂ ਪਹਿਲਾਂ ਦੇਸ਼ ਵਿਚ ਸਿਆਸੀ ਸੰਕਟ ਡੂੰਘਾ ਹੋ ਗਿਆ ਹੈ। ਗਨੀ ਜਿਨ੍ਹਾਂ ਨੇ 14 ਫਰਵਰੀ ਨੂੰ ਆਏ ਵਾਦ-ਵਿਵਾਦ ਵਾਲੇ ਨਤੀਜਿਆਂ ਦੌਰਾਨ ਜਿੱਤ ਹਾਸਲ ਕੀਤੀ ਸੀ, ਨੇ ਸਹੁੰ ਚੁੱਕ ਸਮਾਰੋਹ ਦੌਰਾਨ ਕਿਹਾ ਕਿ ਮੈਂ ਅੱਲ੍ਹਾ ਦੇ ਨਾਂ ’ਤੇ ਸਹੁੰ ਚੁੱਕਦਾ ਹਾਂ ਕਿ ਪਵਿੱਤਰ ਇਸਲਾਮ ਧਰਮ ਦੀ ਪਾਲਣਾ ਕਰਾਂਗਾ।

ਅਮਰੀਕਾ ਦੇ ਸ਼ਾਂਤੀ ਦੂਤ ਜ਼ਾਲਮੇ ਖਲੀਲਜਾਦ ਨੇ ਦੋਵਾਂ ਧਿਰਾਂ ਨੂੰ ਕਿਹਾ ਸੀ ਕਿ ਜਦੋਂ ਤੱਕ ਤਾਲਿਬਾਨ ਮੁੱਦੇ ਦਾ ਸ਼ਾਂਤਮਈ ਹੱਲ ਨਹੀਂ ਲੱਭਿਆ ਜਾਂਦਾ, ਉਹ ਆਪਣੇ-ਆਪਣੇ ਸਹੁੰ ਚੁੱਕ ਸਮਾਰੋਹ ਮੁਲਤਵੀ ਕਰ ਦੇਣ ਪਰ ਦੋਵਾਂ ਧਿਰਾਂ ਨੇ ਇਹ ਗੱਲ ਨਹੀਂ ਮੰਨੀ। ਅਬਦੁੱਲਾ-ਅਬਦੁੱਲਾ ਨੂੰ ਕਬਾਇਲੀ ਆਗੂਆਂ ਦੀ ਹਮਾਇਤ ਹਾਸਲ ਹੈ। ਅਬਦੁੱਲਾ ਨੇ ਚੋਣ ਨਤੀਜਿਆਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਅਬਦੁੱਲਾ ਨੇ ਗਨੀ ’ਤੇ ਚੋਣਾਂ ਦੌਰਾਨ ਧਾਂਦਲੀਆਂ ਕਰਨ ਦਾ ਦੋਸ਼ ਲਾਇਆ ਹੈ।ਕਾਬੁਲ ’ਚ 2 ਧਮਾਕੇਗਨੀ ਦੇ ਸਹੁੰ ਚੁੱਕ ਸਮਾਰੋਹ ਦੌਰਾਨ ਕਾਬੁਲ ਵਿਚ 2 ਧਮਾਕੇ ਹੋਏ। ਜਿਸ ਸਮੇਂ ਰਾਸ਼ਟਰਪਤੀ ਭਵਨ ਵਿਚ ਸੈਂਕੜੇ ਲੋਕ ਅਸ਼ਰਫ ਗਨੀ ਅਤੇ ਉਨ੍ਹਾਂ ਨੂੰ ਚੁਣੌਤੀ ਦੇਣ ਵਾਲੇ ਅਬਦੁੱਲਾ-ਅਬਦੁੱਲਾ ਦੇ ਸਹੁੰ ਚੁੱਕ ਸਮਾਰੋਹਾਂ ਵਿਚ ਪਹੁੰਚੇ ਹੋਏ ਸਨ ਤਾਂ ਇਹ ਧਮਾਕੇ ਹੋਏ। ਧਮਾਕਿਆਂ ਦੀ ਆਵਾਜ਼ ਸੁਣ ਕੇ ਲੋਕ ਦੌੜਨ ਲੱਗੇ। ਗਨੀ ਨੇ ਇਸ ’ਤੇ ਲੋਕਾਂ ਨੂੰ ਕਿਹਾ ਕਿ ਮੈਨੂੰ ਵੇਖੋ, ਮੈਂ ਕੋਈ ਬੁਲੇਟ ਪਰੂਫ ਜੈਕੇਟ ਨਹੀਂ ਪਾਈ ਹੋਈ, ਸਿਰਫ ਸਾਧਾਰਨ ਜਿਹੀ ਕਮੀਜ਼ ਪਾਈ ਹੋਈ ਹੈ। ਮੈਨੂੰ ਭਾਵੇਂ ਆਪਣੀ ਜਾਨ ਕਿਉਂ ਨਾ ਗੁਆਉਣੀ ਪਵੇ, ਮੈਂ ਇਥੋਂ ਦੌੜਾਂਗਾ ਨਹੀਂ।

Khushdeep Jassi

This news is Content Editor Khushdeep Jassi