ਉਡਾਣ ਭਰਦੇ ਹੀ ਜਹਾਜ਼ ਦੇ ਟਾਇਰ 'ਚ ਲੱਗੀ ਅੱਗ, ਟੁੱਟ ਕੇ ਜ਼ਮੀਨ 'ਤੇ ਡਿਗਿਆ (ਵੀਡੀਓ)

10/12/2022 5:46:35 PM

ਰੋਮ (ਬਿਊਰੋ): ਜਹਾਜ਼ ਦਾ ਸਫ਼ਰ ਜਿੰਨਾ ਆਰਾਮਦਾਇਕ ਹੈ, ਕਈ ਵਾਰ ਇਹ ਖ਼ਤਰਨਾਕ ਵੀ ਸਾਬਤ ਹੋ ਸਕਦਾ ਹੈ। ਇਟਲੀ 'ਚ ਜਹਾਜ਼ ਦੀ ਉਡਾਣ ਦੌਰਾਨ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਇੱਥੇ ਜਦੋਂ ਬੋਇੰਗ 747 ਜਹਾਜ਼ ਨੇ ਉਡਾਣ ਭਰੀ ਅਤੇ ਇਹ ਜਿਵੇਂ ਹੀ ਇਹ ਜ਼ਮੀਨ ਤੋਂ ਉੱਪਰ ਵੱਲ ਵਧਿਆ ਤਾਂ ਇਸ ਦਾ ਇੱਕ ਟਾਇਰ ਸੜਦਾ ਹੋਇਆ ਜ਼ਮੀਨ 'ਤੇ ਡਿੱਗ ਗਿਆ। ਘਟਨਾ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਫਲਾਈਟ ਦੇ ਟੇਕ ਆਫ ਕਰਦੇ ਹੀ ਟਾਇਰ 'ਚ ਅੱਗ ਲੱਗ ਗਈ ਅਤੇ ਇਹ ਜ਼ਮੀਨ 'ਤੇ ਡਿੱਗ ਗਿਆ। ਡਿੱਗਣ ਦੌਰਾਨ ਸੜਦੇ ਟਾਇਰ ਵਿੱਚੋਂ ਪੂਛ ਵਾਂਗ ਧੂੰਆਂ ਨਿਕਲਦਾ ਦਿਸਿਆ।

ਇਹ ਹਾਦਸਾ ਇਟਲੀ ਦੇ ਟਾਰਾਂਟੋ ਵਿੱਚ ਵਾਪਰਿਆ। ਟਵਿੱਟਰ 'ਤੇ ਘਟਨਾ ਦੀ ਵੀਡੀਓ ਪੋਸਟ ਕਰਦੇ ਹੋਏ ਏਰੋ ਇਨ ਨਾਮ ਦੇ ਇੱਕ ਯੂਜ਼ਰ ਨੇ ਲਿਖਿਆ ਕਿ ਬੋਇੰਗ 747-400 ਡ੍ਰੀਮਲਿਫਟਰ ਦੇ ਇੱਕ ਟਾਇਰ ਵਿੱਚ ਅੱਗ ਲੱਗ ਗਈ ਅਤੇ ਟੇਕ-ਆਫ ਦੌਰਾਨ ਇਸ ਦਾ ਪਹੀਆ ਟੁੱਟ ਗਿਆ। ਟਾਇਰ ਦੇ ਡਿੱਗਣ ਤੋਂ ਪਹਿਲਾਂ ਇਸ ਵਿਚੋਂ ਕਾਲਾ ਧੂੰਆਂ ਨਿਕਲਦਾ ਦੇਖਿਆ ਜਾ ਸਕਦਾ ਹੈ। ਜ਼ਮੀਨ 'ਤੇ ਡਿੱਗਦੇ ਹੀ ਇਹ ਕਈ ਵਾਰ ਉਛਲਿਆ। ਜਹਾਜ਼ ਦਾ ਟਾਇਰ ਹਵਾਈ ਅੱਡੇ ਦੀ ਸੀਮਾ ਦੇ ਬਾਹਰ ਪਿਆ ਮਿਲਿਆ। ਉਸੇ ਟਵਿੱਟਰ ਯੂਜ਼ਰ ਨੇ ਟਾਇਰ ਦੀ ਫੋਟੋ ਅਪਲੋਡ ਕੀਤੀ, ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਜਿਵੇਂ ਇਹ ਕਿਸੇ ਜੰਗਲ ਵਿਚ ਪਹੁੰਚ ਗਿਆ ਹੈ।

 

ਪੜ੍ਹੋ ਇਹ ਅਹਿਮ ਖ਼ਬਰ-ਯੂਕ੍ਰੇਨ ਯੁੱਧ ਜਲਵਾਯੂ ਦੇ ਨਜ਼ਰੀਏ ਤੋਂ ਹੋ ਸਕਦਾ ਹੈ 'ਵਰਦਾਨ' : ਪੇਟਰੀ ਟਾਲਸ

ਸੁਰੱਖਿਅਤ ਉਤਰਿਆ ਜਹਾਜ਼ 

ਜਹਾਜ਼ ਦਾ ਟਾਇਰ ਡਿੱਗਣ 'ਤੇ ਇਕ ਯੂਜ਼ਰ ਨੇ ਮਜ਼ਾਕ 'ਚ ਲਿਖਿਆ ਕਿ ਆਖਿਰ ਜਹਾਜ਼ ਨੂੰ ਟਾਇਰਾਂ ਦੀ ਕੀ ਲੋੜ ਹੈ। ਹੈਰਾਨੀ ਦੀ ਗੱਲ ਹੈ ਕਿ ਟਾਇਰ 'ਚ ਖਰਾਬੀ ਦੇ ਬਾਵਜੂਦ ਜਹਾਜ਼ ਨੂੰ ਟੇਕ ਆਫ ਕਰਨ 'ਚ ਕੋਈ ਦਿੱਕਤ ਨਹੀਂ ਆਈ। ਕੁਝ ਲੋਕਾਂ ਨੇ ਪ੍ਰਾਰਥਨਾ ਕੀਤੀ ਕਿ ਜਹਾਜ਼ ਸੁਰੱਖਿਅਤ ਉਤਰੇ। ਚੰਗੀ ਕਿਸਮਤ ਨਾਲ ਇਸ ਜਹਾਜ਼ ਦੀ ਲੈਂਡਿੰਗ ਸੁਰੱਖਿਅਤ ਢੰਗ ਨਾਲ ਹੋ ਗਈ। ਜਹਾਜ਼ ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ 'ਚ ਉਤਰਿਆ।

ਜਹਾਜ਼ ਤੋਂ ਨਿਕਲੀ ਚੰਗਿਆੜੀ

ਹਾਲ ਹੀ ਵਿੱਚ ਨਿਊ ਜਰਸੀ ਦੇ ਨੇਵਾਰਕ ਵਿੱਚ ਉਡਾਣ ਭਰਦੇ ਸਮੇਂ ਇੱਕ ਜਹਾਜ਼ ਤੋਂ ਚੰਗਿਆੜੀ ਨਿਕਲੀ ਸੀ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਸੀ। ਇਸ ਵਿਚ ਦੇਖਿਆ ਗਿਆ ਕਿ ਰਾਤ ਦੀ ਉਡਾਣ ਦੌਰਾਨ ਜਹਾਜ਼ ਦੇ ਵਿੰਗ ਵਿੱਚੋਂ ਇੱਕ ਚੰਗਿਆੜੀ ਨਿਕਲੀ। ਇਹ ਬੋਇੰਗ 777-200 ਜਹਾਜ਼ ਸੀ। ਜਿਵੇਂ ਹੀ ਜਹਾਜ਼ 'ਚੋਂ ਚੰਗਿਆੜੀ ਨਿਕਲੀ ਤਾਂ ਪਾਇਲਟ ਨੇ ਸਾਵਧਾਨੀ ਦਿਖਾਉਂਦੇ ਹੋਏ ਜਹਾਜ਼ ਨੂੰ ਕਾਫੀ ਦੇਰ ਤੱਕ ਹਵਾ 'ਚ ਰੱਖਿਆ ਤਾਂ ਕਿ ਉਸ ਦਾ ਤੇਲ ਸੜ ਜਾਵੇ। ਡੇਢ ਘੰਟੇ ਬਾਅਦ ਜਹਾਜ਼ ਨੇਵਾਰਕ ਵਿੱਚ ਵਾਪਸ ਉਤਰਿਆ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana