ਚੀਨ ''ਚ ਖੂਨੀ ਬਣਿਆ ਐਕਸੇਲੇਟਰ, ਇਕ ਹੋਰ ਦਿਲ ਝੰਜੋੜਣ ਵਾਲੀ ਵੀਡੀਓ ਆਈ ਸਾਹਮਣੇ

08/03/2015 4:51:15 PM

ਬੀਜਿੰਗ- ਸ਼ੰਘਾਈ ਦੇ ਇਕ ਸ਼ਾਪਿੰਗ ਮਾਲ ''ਚ ਸਫਾਈ ਕਰਮਚਾਰੀ ਦਾ ਪੈਰ ਐਸਕੇਲੇਟਰ (ਬਿਜਲੀ ਨਾਲ ਚੱਲਣ ਵਾਲੀ ਪੌੜੀ) ''ਚ ਫੱਸਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਇਸ ਕਾਰਨ ਉਸ ਦਾ ਪੈਰ ਵੱਢਣਾ ਪਿਆ। ਇਸ ਘਟਨਾ ਤੋਂ ਬਾਅਦ ਸ਼ਾਪਿੰਗ ਮਾਲ ''ਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ।
ਦੱਸਣਯੋਗ ਹੈ ਕਿ ਇਸੇ ਤਰ੍ਹਾਂ ਦੀ ਇਕ ਹੋਰ ਘਟਨਾ ''ਚ ਪਿਛਲੇ ਹਫਤੇ ਇਕ ਔਰਤ ਜਿਸ ਨੇ ਬੱਚਾ ਚੁੱਕਿਆ ਹੋਇਆ ਸੀ, ਦੀ ਅਚਾਨਕ ਐਸਕੇਲੇਟਰ ''ਚ ਫੱਸਣ ਕਾਰਨ ਮੌਤ ਹੋ ਗਈ, ਜਦੋਂ ਕਿ ਔਰਤ ਨੇ ਆਪਣੇ ਬੱਚੇ ਨੂੰ ਨੇੜੇ ਖੜ੍ਹੀਆਂ ਕੁੜੀਆਂ ਨੂੰ ਫੜਾ ਦਿੱਤਾ ਪਰ ਉਹ ਖੁਦ ਨੂੰ ਨਹੀਂ ਬਚਾ ਸਕੀ। ਇਸੇ ਹਫਤੇ ਦੇ ਅਖੀਰ ਤੱਕ ਸਫਾਈ ਦੌਰਾਨ ਇਕ ਵਿਅਕਤੀ ਦਾ ਪੈਰ ਐਸਕੇਲੇਟਰ ''ਚ ਫੱਸ ਗਿਆ, ਜਿਸ ਕਾਰਨ ਉਸ ਦਾ ਪੈਰ ਵੱਢ ਦਿੱਤਾ ਗਿਆ। ਚੀਨ ''ਚ ਇਕ ਹੀ ਹਫਤੇ ''ਚ ਹੋਈ ਇਹ ਤੀਜੀ ਅਜਿਹੀ ਘਟਨਾ ਹੈ, ਜਿਸ ਦੇ ਚਲਦੇ 2.4 ਲੱਖ ਐਕਸੇਲੇਟਰ ਦੀ ਸੁਰੱਖਿਆ ਨੂੰ ਲੈ ਕੇ ਉਥੇ ਡਰ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਸਨਅਤ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਚਾਲੂ ਐਸਕੇਲੇਟਰ ਦੀ ਸਫਾਈ ਕਰਨਾ ਬਹੁਤ ਖਤਰਨਾਕ ਹੈ। ਇਸ ਲਈ ਐਸਕੇਲੇਟਰ ''ਤੇ ਇਸ ਤਰ੍ਹਾਂ ਸਫਾਈ ਕਰਨ ''ਤੇ ਰੋਕ ਲਗਾਉਣੀ ਚਾਹੀਦੀ ਹੈ। ਚੀਨ ''ਚ 2.4 ਲੱਖ ਐਸਕੇਲੇਟਰ ਦੀ ਜਾਂਚ ਅਤੇ ਰੱਖ-ਰਖਾਅ ਉਸ ਦੇ ਉਤਪਾਦਕਾਂ ਵਲੋਂ ਹੀ ਕੀਤੀ ਜਾਂਦੀ ਹੈ। ਇਕ ਤਾਜ਼ਾ ਰਿਪੋਰਟ ਮੁਤਾਬਕ 1,10,000 ਐਸਕੇਲੇਟਰ ''ਚ ਖਾਮੀਆਂ ਬਾਰੇ ਪਤਾ ਲੱਗਾ ਹੈ, ਜਿਸ ''ਚੋਂ 79,000 ਦੀ ਮੁਰੰਮਤ ਕਰ ਦਿੱਤੀ ਗਈ ਹੈ, ਜਦੋਂ ਕਿ 5000 ਐਸਕੇਲੇਟਰ ਹੁਣ ਵਰਤੋਂ ''ਚ ਨਹੀਂ ਹਨ।