ਪਾਕਿ ਰਾਸ਼ਟਰਪਤੀ ਬੋਲੇ-''ਧਾਰਾ-370 ਦੀ ਵਾਪਸੀ ਬਿਨਾਂ ਭਾਰਤ ਨਾਲ ਸੰਬੰਧ ਨਹੀਂ ਹੋ ਸਕਦੇ ਸਧਾਰਨ''

04/23/2021 5:00:35 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਖ਼ਿਲਾਫ਼ ਆਪਣਾ ਰੰਗ ਦਿਖਾਇਆ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਭਾਰਤ 'ਤੇ ਬਲੋਚਿਸਤਾਨ ਵਿਚ ਅੱਤਵਾਦ ਫੈਲਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਭਾਰਤ ਅਫਗਾਨਿਸਤਾਨ ਦੀ ਵਰਤੋਂ ਕਰ ਕੇ ਬਲੋਚਿਸਤਾਨ ਵਿਚ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਵੀਰਵਾਰ ਨੂੰ ਅਮਰੀਕੀ ਮੀਡੀਆ ਨਾਲ ਵਿਭਿੰਨ ਮੁੱਦਿਆਂ 'ਤੇ ਬੋਲਦੇ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਦੇ ਸੰਬੰਧ ਕਸ਼ਮੀਰ ਵਿਚ ਧਾਰਾ 370 ਸਮੇਤ ਕੁਝ ਫ਼ੈਸਲੇ ਵਾਪਸ ਲੈਣ ਦੇ ਬਾਅਦ ਹੀ ਸਧਾਰਨ ਹੋ ਸਕਦੇ ਹਨ।

ਰਾਸ਼ਟਰਪਤੀ ਅਲਵੀ ਨੇ ਅਫਗਾਨ ਸ਼ਾਂਤੀ ਪ੍ਰਕਿਰਿਆ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਯੁੱਧ ਪੀੜਤ ਦੇਸ਼ ਤੋਂ ਅਮਰੀਕੀ ਮਿਲਟਰੀ ਵਾਪਸੀ ਦਾ ਫ਼ੈਸਲਾ ਉੱਥੋਂ ਦੀ ਸ਼ਾਂਤੀ ਲਈ ਸਕਰਾਤਮਕ ਕਦਮ ਹੈ। ਉਹਨਾਂ ਨੇ ਅੱਗੇ ਕਿਹਾ ਕਿ ਪਾਕਿਸਤਾਨ ਅਤੇ ਅਮਰੀਕਾ ਵਿਚਕਾਰ ਸੰਬੰਧਾਂ ਵਿਚ ਸੁਧਾਰ ਹੋ ਰਿਹਾ ਹੈ। ਅਮਰੀਕੀ ਸੈਨਾ ਦੀ ਵਾਪਸੀ ਇਕ ਸਵਾਗਤ ਯੋਗ ਕਦਮ ਹੈ। ਪਾਕਿਸਤਾਨ ਅਫਗਾਨਿਸਤਾਨ ਵਿਚ ਸ਼ਾਂਤੀ ਸਥਾਪਿਤ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗਾ।ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਦੇ ਸੰਬੰਧ ਵਿਚ ਉਹਨਾਂ ਨੇ ਕਿਹਾ ਕਿ ਕਈ ਮਹੱਤਵਪੂਰਨ ਮਾਮਲੇ ਵਿਰੋਧੀਆਂ ਦੇ ਸਮਰਥਨ ਦੀ ਗੈਰ ਮੌਜੂਦਗੀ ਵਿਚ ਪੂਰੇ ਨਹੀਂ ਹੋ ਸਕੇ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਕੋਰਟ ਨੇ ਮਨੀ ਲਾਂਡਰਿੰਗ ਮਾਮਲੇ 'ਚ ਸ਼ਹਿਬਾਜ਼ ਸ਼ਰੀਫ ਨੂੰ ਦਿੱਤੀ ਜਮਾਨਤ

ਪਾਕਿਸਤਾਨ ਵਿਚ ਧਾਰਮਿਕ ਸੰਗਠਨ ਤਹਿਰੀਕ-ਏ-ਲਬੈਕ ਦੀ ਹਿੰਸਾ 'ਤੇ ਅਲਵੀ ਨੇ ਦੱਸਿਆ ਕਿ ਇਹ ਮਾਮਲਾ ਸੰਸਦ ਵਿਚ ਵਿਚਾਰ ਅਧੀਨ ਹੈ। ਅਜਿਹੀ ਸਥਿਤੀ ਵਿਚ ਕੁਝ ਵੀ ਕਰਨਾ ਪ੍ਰਗਟਾਵੇ ਦੀ ਆਜ਼ਾਦੀ ਨੂੰ ਸੱਟ ਪਹੁੰਚਾਉਣਾ ਹੋਵੇਗਾ। ਜਾਣਕਾਰੀ ਹੋਵੇ ਕਿ ਪਾਕਿਸਤਾਨ ਅਫਗਾਨਿਸਤਾਨ ਵਿਚ ਤਾਲਿਬਾਨ ਨੂੰ ਸ਼ੈਅ ਦੇ ਕੇ ਅੱਤਵਾਦ ਫੈਲਾਉਣ ਦੇ ਮਾਮਲੇ ਵਿਚ ਪੂਰੀ ਦੁਨੀਆ ਦੇ ਸਾਹਮਣੇ ਬੇਨਕਾਬ ਹੋ ਚੁੱਕਾ ਹੈ। ਇਸ ਤੋ ਪਹਿਲਾਂ ਵੀ ਰਾਸ਼ਟਰਪਤੀ ਅਲਵੀ ਨੇ ਕਿਹਾ ਸੀ ਕਿ ਜਦੋਂ ਤੱਕ ਕਸ਼ਮੀਰ ਮੁੱਦੇ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਦੱਖਣੀ ਏਸ਼ੀਆ ਵਿਚ ਸ਼ਾਂਤੀ ਸਥਾਪਿਤ ਨਹੀਂ ਹੋ ਸਕਦੀ।

ਨੋਟ- ਪਾਕਿਸਤਾਨ ਦੇ ਰਾਸ਼ਟਰਪਤੀ ਵੱਲੋਂ ਭਾਰਤ ਨਾਲ ਸੰਬੰਧਾਂ ਬਾਰੇ ਦਿੱਤੇ ਬਿਆਨ 'ਤੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana