ਐਪਲ ਬਣੀ 2 ਟ੍ਰਿਲੀਅਨ ਡਾਲਰ ਮਾਰਕੀਟ ਕੈਪ ਵਾਲੀ ਕੰਪਨੀ

08/19/2020 10:27:43 PM

ਨਿਊਯਾਰਕ-ਫੋਨ ਨਿਰਮਾਤਾ ਕੰਪਨੀ ਐਪਲ ਅਮਰੀਕਾ ਦੀ ਪਹਿਲੀ ਦੋ ਟ੍ਰਿਲੀਅਨ ਮਾਰਕੀਟ ਕੈਪ ਵਾਲੀ ਕੰਪਨੀ ਬਣ ਗਈ ਹੈ। ਮੰਗਲਵਾਰ ਨੂੰ ਟ੍ਰੈਡਿੰਗ ਸੈਸ਼ਨ ਖਤਮ ਹੋਣ 'ਤੇ ਕੰਪਨੀ ਦਾ ਮਾਰਕੀਟ ਵੈਲਿਉਏਸ਼ਨ 1.98 ਟ੍ਰਿਲੀਅਨ ਡਾਲਰ ਸੀ ਅਤੇ ਬੁੱਧਵਾਰ ਨੂੰ ਇਸ ਨੇ ਦੋ ਟ੍ਰਿਲੀਅਨ ਡਾਲਰ ਦਾ ਅੰਕੜਾ ਛੂਹ ਲਿਆ। ਮੰਗਲਵਾਰ ਨੂੰ ਐਪਲ ਦਾ ਸ਼ੇਅਰ 462.25 ਡਾਲਰ 'ਤੇ ਬੰਦ ਹੋਇਆ ਸੀ ਅਤੇ ਇਸ ਨੂੰ ਦੋ ਟ੍ਰਿਲੀਅਨ ਡਾਲਰ ਦੀ ਵੈਲਿਉਏਸ਼ਨ ਹਾਸਲ ਕਰਨ ਲਈ 467.77 ਡਾਲਰ 'ਤੇ ਪਹੁੰਚਣ ਦੀ ਜ਼ਰੂਰਤ ਸੀ। ਬੁੱਧਵਾਰ ਰਾਤ ਐਪਲ ਦਾ ਸ਼ੇਅਰ 467.01 ਡਾਲਰ 'ਤੇ ਪਹੁੰਚ ਗਿਆ। ਦੋ ਸਾਲ ਪਹਿਲਾਂ ਹੀ ਕੰਪਨੀ ਨੇ ਇਕ ਟ੍ਰਿਲੀਅਨ ਮਾਰਕੀਟ ਕੈਪ ਦਾ ਟੀਚਾ ਹਾਸਲ ਕੀਤਾ ਸੀ।

ਐਪਲ ਤੋਂ ਪਹਿਲਾਂ ਸਾਊਦੀ ਅਰਬ ਦੀ ਕੰਪਨੀ ਅਰਾਮਕੋ ਨੇ ਦਸੰਬਰ 'ਚ ਦੋ ਟ੍ਰਿਲੀਅਨ ਡਾਲਰ ਦੀ ਕੰਪਨੀ ਬਣਨ ਦਾ ਟੀਚਾ ਹਾਸਲ ਕੀਤਾ ਸੀ। ਐਪਲ ਦਾ 80 ਫੀਸਦੀ ਮਾਲੀਆ ਚੀਨ 'ਚ ਬਣਾਏ ਜਾਣ ਵਾਲੇ ਇਸ ਦੇ ਮਹਿੰਗੇ ਫੋਨ, ਟੈਬਲੇਟਸ ਤੇ ਮੈਕ ਕੰਪਿਊਟਰ ਤੋਂ ਆਉਂਦਾ ਹੈ। ਚੀਨ 'ਚ ਹੀ ਪਿਛਲੇ ਸਾਲ ਸਭ ਤੋਂ ਪਹਿਲਾਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ, ਇਸ ਦੇ ਬਾਵਜੂਦ 27 ਜੂਨ ਨੂੰ ਖਤਮ ਹੋਈ ਤਿਮਾਹੀ ਰਿਪੋਰਟ ਮੁਤਾਬਕ ਕੰਪਨੀ ਦੇ ਮਾਲੀਆ 'ਚ 10 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੇ ਨਤੀਜੇ 30 ਜੁਲਾਈ ਨੂੰ ਐਲਾਨ ਕੀਤੇ ਗਏ ਸਨ ਅਤੇ ਉਸ ਸਮੇਂ ਤੋਂ ਹੁਣ ਤੱਕ ਕੰਪਨੀ ਦਾ ਸ਼ੇਅਰ 20 ਫੀਸਦੀ ਵਧ ਚੁੱਕਿਆ ਹੈ।

ਐਪਲ ਦੀ ਨਵੀਂ ਉਪਲੱਬਧੀ ਤੋਂ ਸਾਬਤ ਹੁੰਦਾ ਹੈ ਕਿ ਕੰਪਨੀ ਵੱਲੋਂ ਸਿਰਫ ਫੋਨ ਬਣਾਉਣ ਦੇ ਨਾਲ-ਨਾਲ ਐਂਟਰਟੇਨਮੈਂਟ ਅਤੇ ਵਿੱਤੀ ਸੇਵਾਵਾਂ ਦੀ ਕੀਤੀ ਗਈ ਸ਼ੁਰੂਆਤ ਨਾਲ ਕੰਪਨੀ ਨੂੰ ਕਾਫੀ ਫਾਇਦਾ ਹੋਇਆ ਹੈ ਅਤੇ ਕੋਰੋਨਾ ਵਾਇਰਸ ਦੌਰਾਨ ਹੀ ਕੰਪਨੀ ਨੂੰ ਇਨ੍ਹਾਂ ਸੇਵਾਵਾਂ ਦੀ ਬਦੌਲਤ 'ਤੇ ਕਾਫੀ ਫਾਇਦਾ ਹੋਇਆ ਹੈ। ਇਸ ਤੋਂ ਇਲਾਵਾ ਕੰਪਨੀ ਵੱਲੋਂ ਬਣਾਈ ਗਈ ਵਾਚ ਅਤੇ ਹੋਰ ਡਿਵਾਈਸ ਵੀ ਕੰਪਨੀ ਦੀ ਗ੍ਰੋਥ 'ਚ ਵਧੀਆ ਭੂਮਿਕਾ ਨਿਭਾ ਰਹੇ ਹਨ।

Karan Kumar

This news is Content Editor Karan Kumar