ਇੱਥੇ ਦਸੰਬਰ ਮਹੀਨੇ ਪਸੀਨੋ-ਪਸੀਨੀ ਹੋਏ ਲੋਕ, ਗਰਮੀ ਨੇ ਕੱਢੇ ਵੱਟ

12/14/2019 3:29:36 PM

ਸਿਡਨੀ— ਆਸਟ੍ਰੇਲੀਆ 'ਚ ਅਗਲੇ ਹਫਤੇ ਸਭ ਤੋਂ ਗਰਮ ਦਿਨ ਰਿਕਾਰਡ ਹੋਵੇਗਾ ਅਤੇ ਅਗਲੇ ਹਫਤੇ ਤਕ ਗਰਮੀ ਇਸੇ ਤਰ੍ਹਾਂ ਰਹੇਗੀ। ਦਸੰਬਰ ਮਹੀਨੇ ਲੋਕ ਪਸੀਨੋ-ਪਸੀਨੀ ਹੋਏ ਹਨ ਤੇ ਜੰਗਲੀ ਅੱਗ ਨੇ ਸੇਕ ਹੋਰ ਵਧਾ ਦਿੱਤਾ ਹੈ। ਸ਼ਨੀਵਾਰ ਨੂੰ ਮੌਸਮ ਅਧਿਕਾਰੀਆਂ ਨੇ ਦੱਸਿਆ ਕਿ ਐਡੀਲੇਡ 'ਚ 17 ਦਸੰਬਰ ਨੂੰ 40 ਡਿਗਰੀ ਸੈਲਸੀਅਸ ਤਾਪਮਾਨ ਰਹਿਣ ਦਾ ਅੰਦਾਜ਼ਾ ਹੈ ਅਤੇ 19 ਦਸੰਬਰ ਨੂੰ 42 ਡਿਗਰੀ ਤਾਪਮਾਨ ਤਕ ਪੁੱਜ ਜਾਵੇਗਾ।

ਮੌਸਮ ਅਧਿਕਾਰੀਆਂ ਮੁਤਾਬਕ ਮੈਲਬੌਰਨ 'ਚ 20 ਦਸੰਬਰ ਨੂੰ ਤਾਪਮਾਨ 41 ਡਿਗਰੀ ਰਹਿ ਸਕਦਾ ਹੈ। ਗਰਮ ਹਵਾਵਾਂ ਕਾਰਨ ਲੋਕਾਂ ਦਾ ਜਿਊਣਾ ਹੋਰ ਵੀ ਮੁਸ਼ਕਲ ਹੋ ਗਿਆ। ਇਸ ਤੋਂ ਪਹਿਲਾਂ 7 ਜਨਵਰੀ, 2013 ਨੂੰ 40.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਸੀ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਸਾਲ 1960 'ਚ 2 ਜਨਵਰੀ ਦਾ ਦਿਨ ਸਭ ਤੋਂ ਗਰਮ ਰਿਕਾਰਡ ਕੀਤਾ ਗਿਆ ਸੀ। ਉਸ ਸਮੇਂ ਤਾਪਮਾਨ 50.7 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ 'ਚ ਜੰਗਲੀ ਅੱਗ ਲੱਗਣ ਦਾ ਖਤਰਾ ਹੈ। ਪਰਥ 'ਚ ਵੀ ਤਾਪਮਾਨ 40 ਤੋਂ 41 ਡਿਗਰੀ ਰਹਿਣ ਦਾ ਅਨੁਮਾਨ ਹੈ।