ਸੈਨੇਟ ''ਚ ਵਿਸਾਖੀ ਨੂੰ ਮਿਲੀ ਮਾਨਤਾ, ਅਮਰੀਕਨ ਸਿੱਖ ਭਾਈਚਾਰੇ ''ਚ ਖੁਸ਼ੀ ਦੀ ਲਹਿਰ

04/19/2018 1:57:02 PM

ਵਾਸ਼ਿੰਗਟਨ ਡੀ. ਸੀ., (ਰਾਜ ਗੋਗਨਾ)— ਬੀਤੇ ਦਿਨ ਅਮਰੀਕਾ ਦੀ ਸਰਵਉੱਚ ਪਾਰਲੀਮੈਂਟ (ਸੈਨੇਟ) ਨੇ ਵਿਸਾਖੀ ਨੂੰ ਮਾਨਤਾ ਦੇ ਦਿੱਤੀ ਹੈ। ਇਸ ਸੰਬੰਧ ਵਿਚ ਕਨੈਕਟੀਕਟ ਦੇ ਨੁਮਾਇੰਦੇ ਕ੍ਰਿਸ ਮਰਫੀ ਅਤੇ ਪੇਨਸਿਲਵੇਨੀਆ ਦੇ ਸੈਨੇਟਰ ਟੂਮੀ ਨੇ ਇਹ ਮਾਨਤਾ ਦਿਵਾਉਣ ਲਈ ਸੈਨੇਟ ਵਿਚ ਮਤਾ ਭੇਜਿਆ ਹੈ। ਇਸ ਮੌਕੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਸਿੱਖ ਕਾਕਸ ਨੇ ਕ੍ਰਿਸ ਮਰਫ਼ੀ ਨੂੰ ਵਧਾਈਆਂ ਦਿੱਤੀਆਂ ਕਿ ਉਨ੍ਹਾਂ ਨੇ ਇਕ ਇਤਿਹਾਸਕ ਭੂਮਿਕਾ ਨਿਭਾਅ ਕੇ ਇਕ ਬਹੁਤ ਵੱਡਾ ਕਾਰਜ ਨਿਭਾਇਆ ਹੈ ਕਿਉਂਕਿ ਵਿਸਾਖੀ ਨੂੰ ਮਾਨਤਾ ਮਿਲਣ ਕਾਰਨ ਸਿੱਖ ਕੌਮ ਦੀ ਵੱਖਰੀ ਹੋਂਦ ਅਮਰੀਕਾ ਵਿਚ ਉਜਾਗਰ ਹੋਵੇਗੀ। 
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਗੋਰੇ ਭਾਈਚਾਰੇ ਨੂੰ ਸਿੱਖ ਪੰਥ ਦੀਆਂ ਮਹਾਨ ਪਰੰਪਰਾਵਾਂ ਬਾਰੇ ਜਾਣਕਾਰੀ ਮਿਲੇਗੀ ਤੇ ਨਸਲੀ ਹਮਲੇ ਘੱਟ ਹੋਣ ਵਿਚ ਮਦਦ ਮਿਲੇਗੀ। ਯਾਦ ਰਹੇ ਕਿ ਪਿਛਲੇ ਸਾਲ ਯੂ. ਅੱੈਸ. ਏ. ਕਾਂਗਰਸ ਵਿਚ ਵੀ ਵਿਸਾਖੀ ਲਈ ਮਤਾ ਪਾਇਆ ਗਿਆ ਸੀ। ਇਸ ਮੌਕੇ ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ, ਹਰਜਿੰਦਰ ਸਿੰਘ ਪਾਈਨਹਿੱਲ, ਸਪੋਕਸਮੈਨ ਕੋਆਰਡੀਨੇਸ਼ਨਲ ਕਮੇਟੀ' ਡਾ. ਪ੍ਰਿਤਪਾਲ ਸਿੰਘ 'ਕੋਆਰਡੀਨੇਟਰ ਆਫ ਅਮਰੀਕਨ' , ਹਰਪ੍ਰੀਤ ਸਿੰਘ ਸੰਧੂ ਅਤੇ ਸਵਰਨਜੀਤ ਸਿੰਘ ਖਾਲਸਾ ਪ੍ਰਧਾਨ 'ਸਿੱਖ ਸੇਵਕ ਸੁਸਿਇਟੀ ਇੰਟਰਨੈਸ਼ਨਲ ਮੈਂਬਰ ਡਿਪਾਰਟਮੈਂਟ ਆਫ ਜਸਟਿਸ ਅਤੇ ਪਲੈਨਿੰਗ ਬੋਰਡ ਨੇ ਵੀ ਕ੍ਰਿਸ ਮਰਫ਼ੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਖ ਭਾਈਚਾਰਾ ਕ੍ਰਿਸ ਮਰਫ਼ੀ ਨੂੰ ਸਨਮਾਨਤ ਕਰੇਗਾ। ਇਸ ਸਰਵਉੱਚ ਪਾਰਲੀਮੈਟ 'ਚ ਤਕਰੀਬਨ 15 ਦੇ ਕਰੀਬ ਗੁਰੂ ਘਰਾਂ ਦੇ ਨੁਮਾਇੰਦੇ ਸ਼ਾਮਿਲ ਹੋਏ ਸਨ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੀ ਧਰਮ-ਨਿਰਪੱਖਤਾ ਤੋਂ ਬਹੁਤ ਖੁਸ਼ ਵੀ ਹੈ ਤੇ ਉਨ੍ਹਾਂ ਦਾ ਆਦਰ ਵੀ ਕਰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ, ਕੈਨੇਡਾ ਵਿੱਚ ਜੋ ਸਿੱਖ ਭਾਈਚਾਰੇ ਦਾ ਮਾਣ ਦੋਵੇਂ ਸਰਕਾਰਾਂ ਬੁਲੰਦ ਕਰ ਰਹੀਆਂ ਹਨ, ਉਸੇ ਤਰ੍ਹਾਂ ਭਾਰਤ ਸਰਕਾਰ ਨੂੰ ਵੀ ਕਰਨਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਸਿੱਖ ਪੰਥ ਨੂੰ ਵਿਸਾਖੀ ਦੀ ਵਧਾਈ ਵੀ ਦਿੱਤੀ ਅਤੇ ਚੜ੍ਹਦੀ ਕਲਾ ਲਈ ਅਸੀਸਾਂ ਵੀ ਦਿੱਤੀਆਂ, ਜੋ ਉਨ੍ਹਾਂ ਲਈ ਖੁਸ਼ੀ ਦੀ ਗੱਲ ਹੈ।