ਅਮਰੀਕਾ 'ਚ ਪੰਜਾਬੀ ਮੇਲੇ ਨੇ ਬੰਨ੍ਹਿਆ ਸਮਾਂ, ਲੋਕਾਂ ਨੇ ਪਾਏ ਭੰਗੜੇ

05/23/2018 3:36:14 PM

ਵਰਜੀਨੀਆ, (ਰਾਜ ਗੋਗਨਾ)— ਇੱਕ ਪੰਜਾਬੀ ਸੰਸਥਾ ਵਲੋਂ ਅਠੱਵਾਂ ਪੰਜਾਬੀ ਮੇਲਾ ਅਮਰੀਕਾ ਦੇ ਬੁਲਰਨ ਪਾਰਕ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਨਾਮੀ ਕਲਾਕਾਰਾਂ ਵੱਲੋਂ ਆਪਣੀ  ਗਾਇਕੀ ਦਾ ਇਜ਼ਹਾਰ ਬਹੁਤ ਹੀ ਖੂਬਸੂਰਤ ਅੰਦਾਜ਼ ਵਿੱਚ ਕੀਤਾ ਗਿਆ। ਜਿੱਥੇ ਇਸ ਪੰਜਾਬੀ ਸੱਭਿਆਚਾਰਕ ਮੇਲੇ ਦੀ ਸ਼ਾਮ ਵੱਖਰੀ ਛਾਪ ਛੱਡ ਗਈ, ਉੱਥੇ ਆਏ ਸਰੋਤਿਆਂ ਨੇ ਨੱਚ-ਨੱਚ ਕੇ ਧਰਤੀ ਹਿਲਾ ਦਿੱਤੀ। ਇਹ ਸਭ ਕੁੱਝ ਪੰਜਾਬੀ ਗਾਇਕਾਂ ਦੀ ਧਮਾਲ ਅਤੇ ਢੋਲ ਦੇ ਡਗੇ ਦੀ ਛਾਪ ਦਾ ਕਾਰਗਰ ਜਾਦੂ ਸੀ।
ਜ਼ਿਕਰਯੋਗ ਹੈ ਕਿ ਮੇਲੇ ਦੀ ਸ਼ੁਰੂਆਤ ਸਥਾਨਕ ਲੋਕ ਨਾਚਾਂ ਅਤੇ ਸਹਿਯੋਗੀਆਂ ਦੇ ਸਨਮਾਨ ਨਾਲ ਸ਼ੁਰੂ ਹੋਈ ਜੋ ਹੌਲੀ-ਹੌਲੀ ਧਮਕ ਪਾਉਂਦੀ ਸੁਖਸ਼ਿੰਦਰ ਛਿੰਦਾ, ਅਨਮੋਲ ਗਗਨ ਮਾਨ, ਜੋਨੀ ਜੌਹਲ ਦੇ ਮਸ਼ਹੂਰ ਗੀਤਾਂ ਦੇ ਗੀਤਾਂ ਨਾਲ ਧਮਾਲ ਮਚਾ ਗਈ। ਗਾਇਕਾਂ ਦੇ ਗੀਤਾਂ ਦੇ ਜਾਦੂ ਨੇ ਸੈਂਕੜੇ ਸਰੋਤਿਆਂ ਦੇ ਦਿਲਾਂ ਦੀਆਂ ਧੜਕਣਾਂ ਨੂੰ ਤੇਜ਼ ਕਰਨ ਦੇ ਨਾਲ-ਨਾਲ ਭੰਗੜੇ ਦੀ ਰੂਹ ਨੂੰ ਤਾਜ਼ਾ ਕਰ ਦਿੱਤਾ ।

ਜਿਉਂ ਹੀ ਰਣਜੀਤ ਬਾਵਾ ਪੰਜਾਬੀ ਪਹਿਰਾਵੇ ਵਿੱਚ ਸਰੋਤਿਆਂ ਨੇ ਸਟੇਜ 'ਤੇ ਵੇਖਿਆ ਤਾਂ ਉਸ ਦੇ ਗੀਤਾਂ ਤੋਂ ਪਹਿਲਾਂ ਹੀ ਸੀਟੀਆਂ, ਚੀਕਾਂ ਅਤੇ ਨੱਚਣ ਦਾ ਅਖਾੜਾ ਭਖ ਗਿਆ। ਮੇਲੇ ਵਿੱਚ ਸਟਾਲਾਂ ਦੇ ਖਾਣ-ਪੀਣ ਤੋਂ ਇਲਾਵਾ ਮੁਫਤ ਪਾਣੀ ਦੇ ਸਟਾਲ ਲੱਗੇ ਸਨ। ਇਸ ਮੇਲੇ ਦੀ ਕਾਮਯਾਬੀ ਇੱਕ ਪੰਜਾਬੀ ਮੇਲੇ ਦੀ ਸਮੁੱਚੀ ਟੀਮ ਨੂੰ ਜਾਂਦਾ ਹੈ, ਜਿਨ੍ਹਾਂ ਦਿਨ-ਰਾਤ ਇੱਕ ਕਰਕੇ ਮੇਲੇ ਦੀ ਕਾਮਯਾਬੀ ਬਖਸ਼ੀ ਅਤੇ ਲੋਕਾਂ ਦੀਆਂ ਆਸਾਂ 'ਤੇ ਖਰੇ ਉਤਰਨ ਦੀ ਰੀਤ ਨਿਭਾਈ ਜੋ ਕਾਬਲ-ਏ ਤਾਰੀਫ ਸੀ।