ਪਾਕਿ ਨੂੰ ਵੱਡਾ ਝਟਕਾ, ਨਾਰਾਜ਼ ਅਮਰੀਕਾ ਨੇ 2100 ਕਰੋੜ ਰੁਪਏ ਦੀ ਮਦਦ ''ਤੇ ਲਾਈ ਰੋਕ

09/03/2018 2:08:23 PM

ਵਾਸ਼ਿੰਗਟਨ— ਪਾਕਿਸਤਾਨ ਨੂੰ ਵੱਡਾ ਝਟਕਾ ਦਿੰਦਿਆਂ ਅਮਰੀਕਾ ਨੇ 300 ਮਿਲੀਅਨ ਡਾਲਰ ਸਹਾਇਤਾ ਰਾਸ਼ੀ 'ਤੇ ਰੋਕ ਲਗਾ ਦਿੱਤੀ ਹੈ। ਅੱਤਵਾਦੀਆਂ ਖਿਲਾਫ ਪਾਕਿਸਤਾਨ ਦੀ ਲਚਰ ਕਾਰਵਾਈ ਨੂੰ ਦੇਖਦੇ ਹੋਏ ਟਰੰਪ ਪ੍ਰਸ਼ਾਸਨ ਨੇ ਇਹ ਫੈਸਲਾ ਲਿਆ ਹੈ। ਅਮਰੀਕੀ ਫੌਜ ਵਲੋਂ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਨਾਲ ਪਾਕਿਸਤਾਨ ਅੱਤਵਾਦ ਖਿਲਾਫ ਕਦਮ ਚੁੱਕਣ 'ਚ ਅਸਫ ਰਿਹਾ ਹੈ ਉਸ ਨੂੰ ਦੇਖਦੇ ਹੋਏ 300 ਮਿਲੀਅਨ ਡਾਲਰ ਮਤਲਬ ਤਕਰੀਬਨ 2100 ਕਰੋੜ ਰੁਪਏ ਦੀ ਆਰਥਿਕ ਮਦਦ ਨੂੰ ਰੋਕਣ ਦਾ ਫੈਸਲਾ ਲਿਆ ਗਿਆ ਹੈ। ਰੱਖਿਆ ਮੰਤਰਾਲੇ ਦੇ ਬੁਲਾਰੇ ਲੈਫਟੀਨੈਂਟ ਕਰਨਲ ਕੋਨੀ ਫਾਕਨਰ ਨੇ ਕਿਹਾ ਕਿ ਅਮਰੀਕੀ ਰੱਖਿਆ ਵਿਭਾਗ ਅਜੇ ਇਸ ਰਾਸ਼ੀ ਦੀ ਵਰਤੋਂ ਜ਼ਰੂਰੀ ਕੰਮਾਂ 'ਚ ਕਰੇਗਾ। ਅਮਰੀਕਾ ਦੇ ਇਸ ਫੈਸਲੇ ਤੋਂ ਬਾਅਦ ਪਾਕਿਸਤਾਨ ਦੇ ਅਕਸ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਇਕ ਹੋਰ ਵੱਡਾ ਝਟਕਾ ਲੱਗਿਆ ਹੈ।

ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਕਿਸਤਾਨ ਉਨ੍ਹਾਂ ਕੱਟੜਪੰਥੀਆਂ ਲਈ ਸੁਰੱਖਿਅਤ ਪਨਾਹਗਾਹ ਬਣਿਆ ਹੋਇਆ ਹੈ, ਜੋ ਗੁਆਂਢੀ ਦੇਸ਼ ਅਫਗਾਨਿਸਤਾਨ 'ਚ ਪਿਛਲੇ ਕਈ ਸਾਲਾਂ ਤੋਂ ਜੰਗ ਛੇੜ ਕੇ ਬੈਠੇ ਹਨ। ਹਾਲਾਂਕਿ ਪਾਕਿਸਤਾਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ। ਅਜਿਹੇ 'ਚ ਹੁਣ ਇਸ ਕਦਮ 'ਚ ਦੋਵਾਂ ਦੇਸ਼ਾਂ ਦੇ ਵਿਗੜਦੇ ਰਿਸ਼ਤਿਆਂ ਨੂੰ ਇਕ ਲਾਲਚ ਵਾਂਗ ਦੇਖਿਆ ਜਾ ਰਿਹਾ ਹੈ।

ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਪਾਕਿਸਤਾਨ ਆਪਣਾ ਰਵੱਈਆ ਬਦਲਦਾ ਹੈ ਤਾਂ ਉਹ ਫਿਰ ਤੋਂ ਸਮਰਥਨ ਹਾਸਲ ਕਰ ਸਕਦਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਮਰੀਕਾ ਨੇ ਇਸ ਸਾਲ ਦੀ ਸ਼ੁਰੂਆਤ 'ਚ ਪਾਕਿਸਤਾਨ ਨੂੰ 50 ਕਰੋੜ ਰੁਪਏ ਦੀ ਆਰਥਿਕ ਮਦਦ ਰੱਦ ਕਰ ਦਿੱਤੀ ਸੀ। ਹਾਲਾਂਕਿ ਰੱਖਿਆ ਮੰਤਰਾਲੇ ਨੇ ਇਸ ਫੈਸਲੇ ਨੂੰ ਅਜੇ ਅਮਰੀਕੀ ਸੰਸਦ ਦੀ ਮਨਜ਼ੂਰੀ ਮਿਲਣਾ ਬਾਕੀ ਹੈ।

ਅਮਰੀਕਾ ਨਾਲ ਧੋਖਾਧੜੀ ਕਰਨ ਦਾ ਦੋਸ਼
ਅਮਰੀਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਤੋਂ ਪਹਿਲਾਂ ਪਾਕਿਸਤਾਨ 'ਤੇ ਅਰਬਾਂ ਡਾਲਰਾਂ ਦੀ ਮਦਦ ਮਿਲਣ ਦੇ ਬਾਵਜੂਦ ਅਮਰੀਕਾ ਨਾਲ ਧੋਖਾਧੜੀ ਕਰਨ ਦਾ ਦੋਸ਼ ਲਾਇਆ ਸੀ। ਟਰੰਪ ਨੇ ਕਿਹਾ ਕਿ ਅਮਰੀਕਾ ਨੇ ਪਿਛਲੇ 15 ਸਾਲਾਂ 'ਚ ਪਾਕਿਸਤਾਨ ਨੂੰ 33 ਅਰਬ ਡਾਲਰ ਤੋਂ ਜ਼ਿਆਦਾ ਦੀ ਮਦਦ ਦਿੱਤੀ ਤੇ ਉਸ ਨੇ ਬਦਲੇ 'ਚ ਝੂਠ ਤੇ ਧੋਖੇ ਦੇ ਸਿਵਾਏ ਕੁਝ ਨਹੀਂ ਕੀਤਾ। ਉਹ ਸੋਚਦੇ ਹਨ ਕਿ ਅਮਰੀਕੀ ਨੇਤਾ ਮੂਰਖ ਹਨ। ਅਸੀਂ ਅਫਗਾਨਿਸਤਾਨ 'ਚ ਜਿਨ੍ਹਾਂ ਅੱਤਵਾਦੀਆਂ ਨੂੰ ਤਲਾਸ਼ ਰਹੇ ਹਾਂ, ਉਨ੍ਹਾਂ ਨੇ ਉਨ੍ਹਾਂ ਨੂੰ ਪਨਾਹ ਦਿੱਤੀ ਸੀ। ਹੁਣ ਹੋਰ ਨਹੀਂ।

ਵਧਣਗੀਆਂ ਪ੍ਰਧਾਨ ਮੰਤਰੀ ਦੀਆਂ ਮੁਸ਼ਕਲਾਂ
ਅਮਰੀਕਾ ਦੇ ਇਸ ਕਦਮ ਨਾਲ ਪਾਕਿਸਤਾਨ ਦੀ ਨਵੀਂ ਸਰਕਾਰ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀਆਂ ਮੁਸ਼ਕਲਾਂ ਵਧਣਗੀਆਂ। ਇਮਰਾਨ ਖਾਨ ਨੇ ਪਿਛਲੇ ਮਹੀਨੇ ਹੀ ਪਾਕਿਸਤਾਨ ਦੀ ਕਮਾਨ ਸੰਭਾਲੀ ਹੈ ਤੇ ਆਰਥਿਕ ਮੋਰਚੇ 'ਤੇ ਉਨ੍ਹਾਂ ਨੂੰ ਜੂਝਣਾ ਪੈ ਸਕਦਾ ਹੈ। ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਘੱਟ ਰਿਹਾ ਹੈ। ਮਈ 2017 'ਚ ਜਿਥੇ ਪਾਕਿਸਤਾਨ ਦਾ ਵਿਦੇਸ਼ੀ ਮੁਦਰਾ ਭੰਡਾਰ 16.4 ਅਰਬ ਡਾਲਰ ਸੀ, ਉਥੇ ਹੁਣ ਇਹ 10 ਅਰਬ ਡਾਲਰ ਤੋਂ ਹੇਠਾਂ ਪਹੁੰਚ ਗਿਆ ਹੈ। ਵਿਦੇਸ਼ੀ ਮੁਦਰਾ ਭੰਡਾਰ 'ਚ ਗਿਰਾਵਟ ਦੇ ਕਾਰਨ ਚਾਲੂ ਖਾਤਾ ਘਾਟਾ ਸੰਕਟ ਹੋਰ ਗਹਿਰਾ ਹੋ ਗਿਆ ਹੈ।