ਨਿਊਜਰਸੀ 'ਚ ਸ੍ਰੀ ਗੁਰੂ ਨਾਨਕ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

05/20/2019 11:59:40 AM

ਨਿਊਜਰਸੀ (ਰਾਜ ਗੋਗਨਾ)— ਅਮਰੀਕਾ ਦੀ ਨਿਊਜਰਸੀ ਸਟੇਟ ਦੇ ਕਾਰਟਰੇਟ ਸ਼ਹਿਰ ਜਿਸ ਨੂੰ ਜ਼ਿਆਦਾਤਰ ਪੰਜਾਬੀ ਕਰਤਾਰਪੁਰ ਦੇ ਨਾਂ ਨਾਲ ਹੀ ਪਛਾਣਦੇ ਹਨ ਬੀਤੇ ਦਿਨ ਖਾਲਸਾ ਸਾਜਨਾ ਦਿਹਾੜੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਪੂਰੇ ਖਾਲਸਾਈ ਜਾਹੋ ਜਲਾਲ ਨਾਲ ਸਜਾਇਆ ਗਿਆ । ਸ਼ਹਿਰ ਦੇ ਪ੍ਰਬੰਧਕੀ ਦਫਤਰ ਦੇ ਸਾਹਮਣੇ ਟਰਾਈ ਸਟੇਟ ਦੇ ਵੱਖ-ਵੱਖ ਸ਼ਹਿਰਾਂ ਤੋਂ ਆ ਕੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ । ਦੇਸ਼ ਦੇ ਰਾਸ਼ਟਰੀ ਗੀਤ, ਸ਼ਬਦ ਕੀਰਤਨ ਤੇ ਅਰਦਾਸ ਮਗਰੋਂ ਸ਼ਹਿਰ ਦੇ ਮੇਅਰ ਵਲੋਂ ਸੰਗਤਾਂ ਨੂੰ ਖਾਲਸਾ ਸਾਜਨਾ ਦਿਹਾੜੇ ਤੇ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ ।

ਇਸ ਮਗਰੋਂ ਜੈਕਾਰਿਆਂ ਦੀ ਗੂੰਜ ਤੇ ਨਗਾਰਿਆਂ ਦੀ ਚੋਟ ਉਪਰ ਖਾਲਸੇ ਦੇ ਨਿਸ਼ਾਨ ਸਾਹਿਬ ਨੂੰ ਸ਼ਹਿਰ ਦੇ ਪ੍ਰਬੰਧਕੀ ਦਫਤਰ ਦੇ ਸਾਹਮਣੇ ਲਹਿਰਾਉਂਦੇ ਅਮਰੀਕੀ ਝੰਡੇ ਦੇ ਬਰਾਬਰ ਝੁਲਾਇਆ ਗਿਆ ।ਸੰਗਤਾਂ ਦੀ ਜਾਣਕਾਰੀ ਲਈ ਇਹ ਦੱਸਿਆ ਜਾਂਦਾ ਹੈ ਕਿ ਤੇਰਾਂ ਸਾਲ ਪਹਿਲਾਂ ਨਿਸ਼ਾਨ ਸਾਹਿਬ ਨੂੰ ਇਸ ਤਰ੍ਹਾਂ ਝੁਲਾਉਣ ਦਾ ਇਤਿਹਾਸ ਅਮਰੀਕਾ ਵਿੱਚ ਪਹਿਲੀ ਵਾਰ ਇਸੇ ਸ਼ਹਿਰ ਵਿੱਚ ਸਿਰਜਿਆ ਗਿਆ ਸੀ। ਇਸ ਸ਼ਹਿਰ ਵਿੱਚ ਪੂਰਾ ਇਕ ਮਹੀਨਾ ਨਗਰ ਕੀਰਤਨ ਤੋਂ ਬਾਅਦ ਪ੍ਰਬੰਧਕੀ ਦਫਤਰ ਸਾਹਮਣੇ ਨਿਸ਼ਾਨ ਸਾਹਿਬ ਮਾਣ ਨਾਲ ਝੁਲਦਾ ਰਹਿੰਦਾ ਹੈ ।

ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਤੇ ਪੰਜ ਪਿਅਰਿਆਂ ਦੀ ਅਗਵਾਈ ਵਿੱਚ ਨਗਰ ਕੀਰਤਨ ਦੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਲੰਘਦੇ ਹੋਏ ਸ਼ਹਿਰ ਦੇ ਮੁੱਖ ਪਾਰਕ ਵਿੱਚ ਪਹੁੰਚਣ ਲਈ ਆਰੰਭਤਾ ਹੋਈ । ਜਿਸ ਵਿੱਚ ਵੱਡੀ ਗਿਣਤੀ ਸਿੱਖ ਸੰਗਤਾਂ, ਸਿੱਖ ਮੋਟਰ ਸਾਈਕਲ ਸਵਾਰਾਂ, ਨੌਜਵਾਨਾਂ ਤੇ ਬੱਚਿਆਂ ਦੇ ਗੱਤਕਾ ਗਰੁਪਾਂ, 2020 ਮੁਹਿੰਮ ਦੇ ਮੈਂਬਰਾਂ ਤੇ ਅੰਮ੍ਰਿਤਸਰ ਅਕਾਲੀ ਦਲ ਦੇ ਜੂਝਾਰੂ ਮੈਂਬਰਾਂ ਨੇ ਆਪਣੀਆਂ ਆਪਣੀਆਂ ਦਿੱਲ ਖਿੱਚਵੀਆਂ ਝਾਕੀਆਂ ਨਾਲ ਸ਼ਮੂਲੀਅਤ ਕੀਤੀ ।ਪਾਰਕ ਵਿੱਚ ਪਹੁੰਚ ਕੇ ਨਗਰ ਕੀਰਤਨ ਦੀ ਸਮਾਪਤੀ ਹੋਈ । ਸੁਹਾਵਣੇ ਮੌਸਮ ਕਾਰਨ ਵੱਡੀ ਗਿਣਤੀ ਸੰਗਤ ਦੀ ਹਾਜ਼ਰੀ ਨੇ ਪਾਰਕ ਵਿੱਚ ਜਿੱਥੇ ਸ਼ਹਿਰ ਦੇ ਦੋਹਾਂ ਗੁਰੂ ਘਰਾਂ ਵੱਲੋਂ ਸਾਂਝੀ ਪੰਥਕ ਸਟੇਜ ਲੱਗਾਈ ਹੋਈ ਸੀ ਤੇ ਵੱਖ-ਵੱਖ ਸੇਵਾਦਾਰਾਂ ਵੱਲੋਂ ਭਾਂਤ ਭਾਂਤ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਹੋਏ ਸਨ। ਪੰਜਾਬ ਦੇ ਵੱਡੇ ਵਿਸਾਖੀ ਮੇਲੇ ਦਾ ਮਾਹੌਲ ਸਿਰਜ ਦਿੱਤਾ । ਸਟੇਜ ਤੋਂ ਵੱਖ-ਵੱਖ ਰਾਜਨੀਤਕ ਸ਼ਖ਼ਸੀਅਤਾਂ, ਗੁਰੂ ਘਰਾਂ ਤੇ ਸੰਸਥਾਵਾਂ ਦੇ ਮੁੱਖੀਆਂ ਅਤੇ ਵਿਦਵਾਨਾਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ।

Vandana

This news is Content Editor Vandana