ਜਦੋਂ ਹਾਈਵੇਅ ''ਤੇ ਉੱਡਣ ਲੱਗੇ ਡਾਲਰ, ਲੋਕਾਂ ਨੂੰ ਲੱਗੀਆਂ ਮੌਜਾਂ (ਵੀਡੀਓ)

07/11/2019 5:05:10 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਜੌਰਜੀਆ ਸੂਬੇ ਦੀ ਰਾਜਧਾਨੀ ਅਟਲਾਂਟਾ ਦੇ ਹਾਈਵੇਅ 'ਤੇ ਮੰਗਲਵਾਰ ਨੂੰ ਅਚਾਨਕ ਹਵਾ ਵਿਚ ਡਾਲਰ ਉੱਡਣ ਲੱਗੇ। ਸਿਕਸ ਲੇਨ ਵਾਲੀ ਇਸ ਸੜਕ 'ਤੇ ਉੱਡਦੇ ਨੋਟਾਂ ਨੂੰ ਦੇਖ ਕੇ ਕਈ ਲੋਕ ਆਪਣੀਆਂ ਕਾਰਾਂ ਕਿਨਾਰੇ ਵਿਚ ਲਗਾ ਕੇ ਨੋਟ ਇਕੱਠੇ ਕਰਨ ਲੱਗੇ। ਇੰਨਾ ਹੀ ਨਹੀਂ ਸੜਕ 'ਤੇ ਭੀੜ ਲੱਗ ਗਈ ਅਤੇ ਲੋਕਾਂ ਵਿਚ ਵੱਧ ਤੋਂ ਵੱਧ ਡਾਲਰ ਲੁੱਟਣ ਦਾ ਮੁਕਾਬਲਾ ਚੱਲ ਪਿਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕਈ ਲੋਕ ਡਾਲਰ ਚੁੱਕਦੇ ਨਜ਼ਰ ਆ ਰਹੇ ਹਨ।

 

ਇਕ ਚਸ਼ਮਦੀਦ ਮੁਤਾਬਕ ਡਾਲਰ ਲਿਜਾ ਰਹੀ ਇਕ ਵੈਨ ਵਿਚੋਂ ਅਚਾਨਕ ਨੋਟ ਸੜਕ 'ਤੇ ਡਿੱਗਣ ਲੱਗੇ। ਕਾਫੀ ਦੇਰ ਤੱਕ ਵੈਨ ਵਿਚ ਬੈਠੇ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਲੱਗਾ। ਜਦੋਂ ਤੱਕ ਉਨ੍ਹਾਂ ਨੂੰ ਪਤਾ ਲੱਗਾ ਉਦੋਂ ਤੱਕ ਬਹੁਤ ਸਾਰੇ ਡਾਲਰ ਹਵਾ ਵਿਚ ਉੱਡ ਕੇ ਸੜਕ 'ਤੇ ਫੈਲ ਚੁੱਕੇ ਸਨ। 

ਡਾਊਨਵੁੱਡ ਪੁਲਸ ਮੁਤਾਬਕ ਲਾਪਰਵਾਹੀ ਕਾਰਨ ਕਰੀਬ 1 ਕਰੋੜ 20 ਲੱਖ ਰੁਪਏ ਹਵਾ ਵਿਚ ਉੱਡ ਗਏ। ਇਸ ਪੂਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪੁਲਸ ਵੀਡੀਓ ਦੇ ਆਧਾਰ 'ਤੇ ਲੋਕਾਂ ਦੀ ਪਛਾਣ ਕਰ ਰਹੀ ਹੈ ਤਾਂ ਜੋ ਉਨ੍ਹਾਂ ਕੋਲੋਂ ਪੈਸੇ ਵਾਪਸ ਲਏ ਜਾ ਸਕਣ। ਭਾਵੇਂਕਿ ਕਈ ਲੋਕਾਂ ਨੇ ਖੁਦ ਪੁਲਸ ਸਟੇਸ਼ਨ ਆ ਕੇ ਪੈਸੇ ਵਾਪਸ ਕਰ ਦਿੱਤੇ ਹਨ। 

ਡਾਊਨਵੁੱਡ ਪੁਲਸ ਪ੍ਰਮੁੱਖ ਨੇ ਦੱਸਿਆ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਦੋ ਵਾਰ ਅਜਿਹੇ ਦੋ ਮਾਮਲੇ ਸਾਹਮਣੇ ਆਏ ਹਨ। ਸਾਲ 2004 ਵਿਚ ਇਕ ਵੈਨ ਹਾਦਸੇ ਵਿਚ 1 ਕਰੋੜ 36 ਲੱਖ ਰੁਪਏ ਚੋਰੀ ਹੋ ਗਏ ਸਨ। ਇਸੇ ਤਰ੍ਹਾਂ ਸਾਲ 2018 ਵਿਚ ਇਕ ਵੈਨ ਦਾ ਦਰਵਾਜਾ ਖੁੱਲ੍ਹਾ ਰਹਿ ਜਾਣ ਕਾਰਨ ਉਸ ਵਿਚ ਰੱਖੇ ਕਰੀਬ 4 ਕਰੋੜ 11 ਲੱਖ ਰੁਪਏ ਉੱਡ ਗਏ ਸਨ।

Vandana

This news is Content Editor Vandana