ਕੈਲੀਫੋਰਨੀਆ ''ਚ ਬਦਾਮ ਅਤੇ ਅਖਰੋਟ ਦੇ ਬਾਗਾਂ ਦੇ ਮਾਲਕ ਬਣੇ ਪੰਜਾਬੀ

10/09/2019 1:10:36 PM

ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਦੀ ਖੁਸ਼ਹਾਲੀ ਦੀ ਕਹਾਣੀ ਪੰਜਾਬੀਆਂ ਦੇ ਪਸੀਨੇ ਨਾਲ ਲਿਖੀ ਜਾ ਰਹੀ ਹੈ। ਪੰਜਾਬੀ ਮੂਲ ਦੇ ਲੋਕ ਇੱਥੇ ਨਾ ਸਿਰਫ ਖੇਤੀ ਕਰ ਕੇ ਚੰਗੀ ਜ਼ਿੰਦਗੀ ਜੀਅ ਰਹੇ ਹਨ ਸਗੋ ਵੱਡੇ-ਵੱਡੇ ਬਾਗਾਂ ਦੇ ਮਾਲਕ ਬਣ ਕੇ ਦੂਜਿਆਂ ਨੂੰ ਰੋਜ਼ਗਾਰ ਵੀ ਦੇ ਰਹੇ ਹਨ। ਪੱਛਮੀ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੀ ਪਛਾਣ ਆਈ.ਟੀ. ਦੇ ਇਲਾਵਾ ਇੱਥੋਂ ਦੀ ਖੇਤੀ ਨਾਲ ਵੀ ਹੈ। ਇਸ ਵਿਚ ਪੰਜਾਬੀਆਂ ਦਾ ਯੋਗਦਾਨ ਜ਼ਿਆਦਾ ਹੈ। ਅਮਰੀਕਾ ਨੂੰ ਪੰਜਾਬੀਆਂ 'ਤੇ ਮਾਣ ਹੈ ਕਿਉਂਕਿ ਕੈਲੀਫੋਰਨੀਆ ਨੇ ਬਾਗਬਾਨੀ ਦੇ ਖੇਤਰ ਵਿਚ ਦੁਨੀਆ ਵਿਚ ਇਸ ਦੇਸ਼ ਦਾ ਝੰਡਾ ਬੁਲੰਦ ਕੀਤਾ ਹੈ।

ਅਮਰੀਕਾ ਦੇ 90 ਫੀਸਦੀ ਅਖਰੋਟ ਦਾ ਉਤਪਾਦਨ ਕਰਨ ਵਾਲੀ ਇਸ ਘਾਟੀ ਵਿਚ ਪੰਜਾਬੀ ਕਈ ਦਹਾਕਿਆਂ ਤੋਂ ਬਾਗਬਾਨੀ ਰਹੇ ਹਨ। 1966 ਵਿਚ ਜਲੰਧਰ ਦੇ ਜੰਡਿਆਲਾ ਪਿੰਡ ਤੋਂ ਸੈਕਰਾਮੈਂਟੋ ਵੈਲੀ ਵਿਚ ਆਏ ਸਰਬ ਜੌਹਲ ਅੱਜ ਆਪਣੇ 1200 ਏਕੜ ਦੇ ਅਖਰੋਟ ਦੇ ਬਾਗ ਦੇ ਨਾਲ-ਨਾਲ ਪ੍ਰੋਸੈਸਿੰਗ ਯੂਨਿਟ ਵੀ ਚਲਾ ਰਹੇ ਹਨ। 1963 ਵਿਚ ਉਨ੍ਹਾਂ ਦੇ ਪਿਤਾ ਇੱਥੇ ਆਏ ਸਨ ਅਤੇ ਅੱਜ ਉਨ੍ਹਾਂ ਦੀ ਤੀਜੀ ਪੀੜ੍ਹੀ ਬਾਗਬਾਨੀ ਵਿਚ ਹੈ। ਉਨ੍ਹਾਂ ਦੀ ਬੇਟੀ ਕਿਰਨ ਆਪਣੀ ਹੀ ਨਹੀਂ ਸਗੋਂ ਸੈਕਰਾਮੈਂਟੋ ਵਾਲਨਟ ਗ੍ਰੋਵਰਸ ਦੀ ਮਾਰਕੀਟਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਜਦਕਿ ਜਵਾਈ ਕੈਮਰ ਆਪਰੇਸ਼ਨ ਦਾ ਕੰਮ ਦੇਖਦੇ ਹਨ। 

ਸਰਬ ਜੌਹਲ ਦੱਸਦੇ ਹਨ ਕਿ ਇੱਥੇ ਕਰੀਬ 20 ਫੀਸਦੀ ਅਖਰੋਟ ਦੇ ਬਾਗਾਂ ਦੇ ਮਾਲਕ ਪੰਜਾਬੀ ਹਨ ਜਦਕਿ ਪੀਚ ਮਤਲਬ ਆੜੂ ਦੇ 75 ਫੀਸਦੀ ਬਾਗ ਪੰਜਾਬੀਆਂ ਦੇ ਹਨ। ਇਸੇ ਤਰ੍ਹਾਂ ਪੰਜਾਬ ਦੇ ਵਡਾਲਾ ਮਾਹੀ ਦੇ ਸਮਰਾ ਪਰਿਵਾਰ ਦੀ ਵੀ ਤੀਜੀ ਪੀੜ੍ਹੀ ਟਰਲਾਕ ਵਿਚ ਅਖਰੋਟ ਦੇ ਇਲਾਵਾ ਪਿਸਤਾ ਅਤੇ ਬਾਦਾਮ ਦੀ ਬਾਗਬਾਨੀ ਕਰ ਰਹੀ ਹੈ। 1975 ਵਿਚ ਪਰਿਵੰਦਰ ਸਮਰਾ ਦੇ ਪਿਤਾ ਇੱਥੇ ਆਏ ਸਨ। ਅੱਜ ਪਰਵਿੰਦਰ ਕੋਲ ਕਰੀਬ 300 ਏਕੜ ਦੇ ਬਾਗ ਹਨ। ਉਨ੍ਹਾਂ ਦੇ ਦੋ ਬੇਟੇ ਗੁਰਤਾਜ ਅਤੇ ਸੁਖਰਾਜ ਸਮਰਾ ਵੀ ਬਾਗਬਾਨੀ ਵਿਚ ਉਨ੍ਹਾਂ ਦਾ ਹੱਥ ਵੰਡਾ ਰਹੇ ਹਨ। ਭਵਿੱਖ ਵਿਚ ਇਹ ਆਪਣਾ ਪ੍ਰੋਸੈਸਿੰਗ ਪੈਕੇਜਿੰਗ ਯੂਨਿਟ ਲਗਾਉਣ ਦੀ ਯੋਜਨਾ ਬਣਾ ਰਹੇ ਹਨ।

ਕੈਲੀਫੋਰਨੀਆ ਵਾਲਨਟ ਕਮਿਸ਼ਨ ਦੀ ਸੀਨੀਅਰ ਮਾਰਕੀਟਿੰਗ ਡਾਇਰੈਕਟਰ ਪਾਮੇਲਾ ਗ੍ਰੇਵੀਏਟ ਕਹਿੰਦੀ ਹੈ,''ਪੰਜਾਬ ਦੇ ਲੋਕ ਬਹੁਤ ਮਿਹਨਤੀ ਹਨ। ਇੱਥੋਂ ਦੇ ਬਾਗਾਂ ਦੇ ਹਰੇਕ ਅਖਰੋਟ ਉਤਪਾਦਕ ਨੂੰ ਕਮਿਸ਼ਨ ਨਾਲ ਜੋੜਨਾ ਜ਼ਰੂਰੀ ਹੈ। ਕੁੱਲ 4800 ਦੇ ਨੇੜੇ ਬਾਗਬਾਨ ਕਮਿਸ਼ਨ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿਚ ਪੰਜਾਬੀਆਂ ਦੇ ਸਹੀ ਅੰਕੜੇ ਬਾਰੇ ਜਾਣਕਾਰੀ ਨਹੀਂ ਹੈ ਪਰ ਉਨ੍ਹਾਂ ਦਾ ਯੋਗਦਾਨ ਬਹੁਤ ਵੱਡਾ ਹੈ।''

Vandana

This news is Content Editor Vandana