US : ਈ-ਸਿਗਰਟ ਦੀ ਵਰਤੋਂ ਕਾਰਨ 18 ਲੋਕਾਂ ਦੀ ਮੌਤ, ਕਰੀਬ 1000 ਬੀਮਾਰ

10/04/2019 9:44:09 AM

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਵਿਚ ਈ-ਸਿਗਰਟ ਦੀ ਵਰਤੋਂ ਕਾਰਨ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ। ਫੇਫੜਿਆਂ ਦੀ ਬੀਮਾਰੀ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 1,080 ਹੋ ਗਈ ਹੈ। ਅਮਰੀਕੀ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਸੈਂਟਰਸ ਫੌਰ ਡਿਜੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ' ਦੇ ਨਿਦੇਸ਼ਕ ਰੌਬਰਟ ਰੈੱਡਫੀਲਡ ਨੇ ਕਿਹਾ,''ਬਦਕਿਸਮਤੀ ਨਾਲ ਇਸ ਬੀਮਾਰੀ ਨੂੰ ਅਮਰੀਕੀ ਲੋਕਾਂ, ਖਾਸ ਕਰ ਕੇ ਨੌਜਵਾਨਾਂ 'ਤੇ ਪੈਣ ਵਾਲੇ ਸਿਹਤ ਸੰਬੰਧੀ ਖਤਰਿਆਂ ਦੇ ਵਧਣ ਦੇ ਲਿਹਾਜ ਨਾਲ ਦੇਖੀਏ ਤਾਂ ਇਹ ਇਕ ਭਿਆਨਕ ਸਮੱਸਿਆ ਦਾ ਸਿਰਫ ਛੋਟਾ ਜਿਹਾ ਹਿੱਸਾ ਹੋ ਸਕਦਾ ਹੈ।'' 

ਏਜੰਸੀ ਨੇ ਦੱਸਿਆ ਕਿ ਪਿਛਲੇ ਹਫਤੇ ਸਾਹਮਣੇ ਆਏ 275 ਮਾਮਲਿਆਂ ਵਿਚ ਪਿਛਲੇ ਦੋ ਹਫਤੇ ਵਿਚ ਬੀਮਾਰ ਹੋਏ ਨਵੇਂ ਮਰੀਜ਼ ਅਤੇ ਪਹਿਲਾਂ ਤੋਂ ਮਰੀਜ਼ ਦੀ ਸ਼੍ਰੇਣੀ ਵਿਚ ਰੱਖੇ ਗਏ ਲੋਕ ਦੋਵੇਂ ਸ਼ਾਮਲ ਸਨ। ਪੁਰਾਣੇ ਮਰੀਜ਼ਾਂ ਵਿਚ ਫਿਰ ਤੋਂ ਬੀਮਾਰੀ ਦੇ ਲੱਛਣ ਨਜ਼ਰ ਆਉਣ ਦੀ ਸ਼ਿਕਾਇਤ ਹੈ। ਮਰੀਜ਼ਾਂ ਨੇ ਕਿਹੜੇ-ਕਿਹੜੇ ਪਦਾਰਥਾਂ ਦੀ ਵਰਤੋਂ ਕੀਤੀ ਹੈ ਇਸ ਸੰਬੰਧ ਵਿਚ 578 ਮਰੀਜ਼ਾਂ ਤੋਂ ਪੁੱਛੇ ਗਏ ਸਵਾਲ ਵਿਚ ਸਾਹਮਣੇ ਆਇਆ ਕਿ 78 ਫੀਸਦੀ ਨੇ ਨਿਕੋਟੀਨ ਵਾਲੇ ਟੈਟ੍ਰਾਹਾਈਡ੍ਰੋਕੈਨਾਬਿਨੋਲ (ਟੀ.ਐੱਚ.ਸੀ.) ਉਤਪਾਦਾਂ ਦੀ ਵਰਤੋਂ ਕੀਤੀ, 37 ਫੀਸਦੀ ਨੇ ਸਿਰਫ ਟੀ.ਐੱਚ.ਸੀ. ਉਤਪਾਦਾਂ ਅਤੇ 17 ਫੀਸਦੀ ਨੇ ਨਿਕੋਟੀਨ ਯੁਕਤ ਉਤਪਾਦਾਂ ਦੀ ਵਰਤੋਂ ਕੀਤੀ ਸੀ। 

ਇੱਥੇ ਦੱਸ ਦਈਏ ਕਿ ਟੀ.ਐੱਚ.ਸੀ. ਗਾਂਜੇ ਦਾ ਮੁੱਖ ਨਸ਼ੀਲਾ ਪਦਾਰਥ ਹੈ ਜੋ ਵਿਅਕਤੀ ਦੇ ਮਿਜਾਜ਼ ਅਤੇ ਹੋਰ ਦਿਮਾਗੀ ਪ੍ਰਕਿਰਿਆਵਾਂ ਨੂੰ ਪ੍ਰਭਾਵਿਤ ਕਰਦਾ ਹੈ। ਇਨ੍ਹਾਂ ਮਰੀਜ਼ਾਂ ਵਿਚ 70 ਫੀਸਦੀ ਪੁਰਸ਼ ਅਤੇ 80 ਫੀਸਦੀ ਔਰਤਾਂ ਦੀ ਉਮਰ 35 ਸਾਲ ਤੋਂ ਘੱਟ ਹੈ। ਅਮਰੀਕਾ ਦੇ ਕੁਝ ਰਾਜਾਂ ਵਿਚ ਈ-ਸਿਗਰਟ 'ਤੇ ਪਾਬੰਦੀ ਲਗਾਈ ਗਈ ਹੈ ਜਦਕਿ ਭਾਰਤ ਵਿਚ ਈ-ਸਿਗਰਟ ਦੇ ਸਾਰੇ ਉਤਪਾਦਾਂ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਚੁੱਕੀ ਹੈ।

Vandana

This news is Content Editor Vandana