ਅਮਰੀਕਾ ''ਚ ਰੰਗ-ਬਰੰਗੀਆਂ ਦਸਤਾਰਾਂ ਨਾਲ ਸੱਜਿਆ ਸੱਭਿਆਚਾਰਕ ਮੇਲਾ (ਤਸਵੀਰਾਂ)

10/02/2018 10:22:43 AM

ਨਿਊਯਾਰਕ (ਰਾਜ ਗੋਗਨਾ)— ਸਿੱਖ ਦੁਨੀਆ ਦੇ ਭਾਵੇਂ ਕਿਸੇ ਵੀ ਹਿੱਸੇ ਵਿਚ ਗਏ ਹੋਣ ਉਹਨਾਂ ਨੇ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰਖਦੇ ਹੋਏ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਅਮਰੀਕਾ ਵਿਚ ਇਹ ਵਿਲੱਖਣ ਪਛਾਣ ਕਈ ਵਾਰ ਨਸਲੀ ਹਮਲਿਆਂ ਦਾ ਕਾਰਨ ਵੀ ਬਣ ਰਹੀ ਹੈ। ਇਸ ਦੇ ਬਾਵਜੂਦ ਸਿੱਖ ਆਪਣੀ ਨਿਵੇਕਲੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਧ ਚੜ੍ਹ ਕੇ ਅਮਰੀਕੀਆਂ ਨੂੰ ਦਸਤਾਰ ਅਤੇ ਸਿੱਖ ਸੱਭਿਆਚਾਰ ਤੋਂ ਜਾਣੂ ਕਰਵਾਉਣ ਲਈ ਉਪਰਾਲੇ ਕਰ ਰਹੇ ਹਨ।

ਅਜਿਹਾ ਹੀ ਉਪਰਾਲਾ ਹਰ ਸਾਲ ਓਹਾਇਔ ਸੂਬੇ ਦੇ ਸ਼ਹਿਰ ਸਪਰਿੰਗਫੀਲਡ ਦੇ ਸਿਟੀ ਹਾਲ ਵਿਖੇ ਲਗਾਏ ਜਾਂਦੇ ਸਾਲਾਨਾ ਸੱਭਿਆਚਾਰਕ ਮੇਲੇ (ਕਲਚਰ ਫੈਸਟੀਵਲ) ਵਿਚ ਕੀਤਾ ਜਾਂਦਾ ਹੈ। ਅਮਰੀਕਾ ਵਿਚ ਦੁਨੀਆ ਦੇ ਵੱਖ- ਵੱਖ ਮੁਲਕਾਂ ਤੋਂ ਆ ਕੇ ਵੱਸੇ ਲੋਕਾਂ ਵਿਚ ਵਖਰੇਵਿਆਂ ਦੇ ਬਾਵਜੂਦ ਉਨ੍ਹਾਂ ਵਿਚ ਇਕ ਸਾਂਝ ਪੈਦਾ ਕਰਨ ਲਈ ਹਰੇਕ ਸ਼ਹਿਰ ਵਿਚ ਮੇਲੇ ਲਗਾਏ ਜਾਂਦੇ ਹਨ।ਸਪਰਿੰਗਫੀਲਡ ਦੇ ਮੇਲੇ ਵਿਚ ਇੱਥੋਂ ਦੇ ਵਸਨੀਕ ਅਵਤਾਰ ਸਿੰਘ ਪਰਿਵਾਰ ਸਮੇਤ ਪਿਛਲੇ 18 ਸਾਲਾਂ ਤੋਂ ਭਾਗ ਲੈਂਦੇ ਹਨ ਅਤੇ ਉਹਨਾਂ ਦੇ ਨਾਲ ਨੇੜਲੇ ਸ਼ਹਿਰ ਡੇਟਨ ਤੇ ਸਿਨਸਿਨਾਟੀ ਦੇ ਵਸਨੀਕ ਵੀ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ।

​ਸਿੱਖਾਂ ਵਿਚ ਦਸਤਾਰ ਦੀ ਮਹੱਤਤਾ ਨੂੰ ਦਰਸਾਉਣ ਲਈ ਮੇਲੇ ਵਿਚ ਅਮਰੀਕਨਾਂ ਨੂੰ ਦਸਤਾਰਾਂ ਸਜਾਈਆਂ ਗਈਆਂ ਤੇ ਸਿੱਖ ਧਰਮ ਨਾਲ ਸਬੰਧਤ ਲਿਟਰੇਚਰ ਵੰਡਿਆ ਗਿਆ। ਲੋਕਾਂ ਵਲੋਂ ਖੁਸ਼ੀ-ਖੁਸ਼ੀ ਦਸਤਾਰਾਂ ਸਜਾਈਆਂ ਗਈਆਂ ਅਤੇ ਨਾਲ ਹੀ ਉਹਨਾਂ ਨੂੰ ਸਿੱਖਾਂ ਬਾਰੇ ਜਾਣਕਾਰੀ ਵੀ ਦਿੱਤੀ ਗਈ।ਮੇਲੇ ਵਿਚ ਜਦੋਂ ਦਸਤਾਰਾਂ ਬੰਨਣੀਆਂ ਸ਼ੁਰੂ ਕੀਤੀਆਂ ਗਈਆਂ, ਲੋਕਾਂ ਦੀ ਇਕ ਲੰਬੀ ਕਤਾਰ ਲੱਗ ਗਈ ਅਤੇ ਸਿਰਫ ਦੋ ਕੁ ਘੰਟਿਆਂ ਦੇ ਸਮੇਂ ਵਿਚ 250 ਤੋਂ ਵੱਧ ਦਸਤਾਰਾਂ ਖਤਮ ਹੋ ਗਈਆਂ।

ਦਸਤਾਰਾਂ ਸਜਾਉਣ ਵਿਚ ਕੇਵਲ ਪੁਰਸ਼ ਨਹੀਂ ਬਲਕਿ ਔਰਤਾਂ ਵੀ ਸ਼ਾਮਲ ਸਨ ਤੇ ਉਹ ਬਾਕੀ ਸਮਾਂ ਮੇਲੇ ਵਿਚ ਦਸਤਾਰਾਂ ਸਮੇਤ ਫਿਰਦੇ ਰਹੇ।ਉਹਨਾਂ ਨੇ ਦਸਤਾਰਾਂ ਨਾਲ ਲੈ ਕੇ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਜੋ ਉਹ ਇਸ ਨੂੰ ਆਪਣੇ ਆਪ ਵੀ ਬੰਨ ਸਕਣ। ਰੰਗ-ਬਰੰਗੀਆਂ ਦਸਤਾਰਾਂ ਨਾਲ ਇਹ ਕੋਈ ਪੰਜਾਬ ਦਾ ਹੀ ਮੇਲਾ ਲੱਗ ਰਿਹਾ ਸੀ।

ਸਿਟੀ ਹਾਲ ਪਲਾਜ਼ਾ ਵਿਖੇ ਆਯੋਜਤ 22ਵੇਂ ਸੱਭਿਆਚਾਰਕ ਮੇਲੇ ਵਿਚ ਭੰਗੜੇ ਤੇ ਗਿੱਧੇ ਨੇ ਵੀ ਖ਼ੂਬ ਰੰਗ ਬੰਨਿਆ। ਜਦੋਂ ਢੋਲ ਵੱਜਿਆ ਤਾਂ ਸਾਰੇ ਲੋਕ ਦੌੜੇ-ਦੌੜੇ ਆਏ ਤੇ ਉਨ੍ਹਾਂ ਨੇ ਇਸ ਦਾ ਖ਼ੂਬ ਆਨੰਦ ਮਾਣਿਆ। ਕਈ ਤਾਂ ਖ਼ੁਦ ਵੀ ਨੱਚਣ ਲੱਗ ਪਏ।ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਾਉਣ ਲਈ ਲਗਾਈ ਗਈ ਪ੍ਰਦਰਸ਼ਨੀ ਵਿਚ ਹਰਮੋਨੀਅਮ, ਢੋਲ, ਚਿਮਟਾ, ਬੀਨ, ਸੁਰਾਹੀ, ਚਰਖਾ, ਮਧਾਣੀ, ਪੀੜੀ, ਆਟਾ ਪੀਣ ਵਾਲੀ ਚੱਕੀ, ਪੱਖੀਆਂ ਆਦਿ ਰੱਖੀਆਂ ਗਈਆਂ ਸਨ।

ਸਿੱਖਾਂ ਅਤੇ ਉਨ੍ਹਾਂ ਦੀ ਨਿਵਕੇਲੀ ਪਛਾਣ ਤੋਂ ਜਾਣੂ ਕਰਾਉਣ ਲਈ ਪਹਿਲੀ ਅਤੇ ਦੂਜੀ ਵਿਸ਼ਵ ਜੰਗ ਵਿਚ ਸਿੱਖ ਫੌਜੀਆਂ, ਸਿੱਖਾਂ ਦੀ ਦਸਤਾਰ, ਕੇਸਾਂ ਤੇ ਸਿੱਖ ਧਰਮ ਨਾਲ ਸਬੰਧਤ ਹੋਰ ਤਸਵੀਰਾਂ ਇਸ ਪ੍ਰਦਰਸ਼ਨੀ ਵਿਚ ਰੱਖੀਆਂ ਗਈਆਂ। ਸਿੱਖ ਧਰਮ, ਸ੍ਰੀ ਹਰਿਮੰਦਰ ਸਾਹਿਬ, ਸਿੱਖ ਵੈਡਿੰਗ (ਵਿਆਹ) ਨਾਲ ਸਬੰਧਤ ਪੁਸਤਕਾਂ ਵੀ ਰੱਖੀਆਂ ਗਈਆਂ। ਅਮਰੀਕਨਾਂ ਨੇ ਇਨ੍ਹਾਂ ਵਿਚ ਕਾਫੀ ਦਿਲਚਸਪੀ ਦਿਖਾਈ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਪ੍ਰਾਪਤ ਕੀਤੀ।