''ਪਰਿਵਾਰਕ ਇਮੀਗ੍ਰੇਸ਼ਨ'' ਜ਼ਰੀਏ ਹੀ ਅਮਰੀਕੀ ਨਾਗਰਿਕ ਬਣੇ ਹਨ ਟਰੰਪ ਦੇ ਸੱਸ-ਸਹੁਰਾ

08/10/2018 1:36:06 PM

ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੇਨ ਇਮੀਗ੍ਰੇਸ਼ਨ ਜਾਂ ਪਰਿਵਾਰਕ ਇਮੀਗ੍ਰੇਸ਼ਨ ਦਾ ਪੁਰਜ਼ੋਰ ਵਿਰੋਧ ਕਰਦੇ ਹਨ। ਇਕ ਖਬਰ ਮੁਤਾਬਕ ਅਮਰੀਕਾ ਦੀ ਉਸੇ ਨੀਤੀ ਦਾ ਲਾਭ ਲੈ ਕੇ ਟਰੰਪ ਦੇ ਸਲੋਵਾਨੀਆਈ ਸੱਸ-ਸਹੁਰੇ ਨੇ ਦੇਸ਼ ਦੀ ਨਾਗਰਿਕਤਾ ਹਾਸਲ ਕੀਤੀ ਹੈ। ਅਮਰੀਕਾ ਦੀ ਚੇਨ ਇਮੀਗ੍ਰੇਸ਼ਨ ਜਾਂ ਪਰਿਵਾਰਕ ਇਮੀਗ੍ਰੇਸ਼ਨ ਨੀਤੀ ਦੇ ਤਹਿਤ ਕੋਈ ਵੀ ਬਾਲਗ ਅਮਰੀਕੀ ਆਪਣੇ ਰਿਸ਼ਤੇਦਾਰਾਂ ਲਈ ਅਮਰੀਕੀ ਨਾਗਰਿਕਤਾ ਪ੍ਰਾਪਤ ਕਰ ਸਕਦਾ ਹੈ। ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਅਮਰੀਕਾ ਦੀ ਪਹਿਲੀ ਮਹਿਲਾ ਮੇਲਾਨੀਆ ਟਰੰਪ ਦੇ ਮਾਤਾ-ਪਿਤਾ ਐਮਾਲੀਜਾ ਅਤੇ ਵਿਕਟਰ ਕਨਾਵਸ ਨੂੰ ਕੱਲ ਨਿਊਯਾਰਕ ਦੀ ਫੈਡਰਲ ਇਮੀਗ੍ਰੇਸ਼ਨ ਅਦਾਲਤ ਵਿਚ ਇਕ ਨਿੱਜੀ ਸਮਾਰੋਹ ਦੌਰਾਨ ਅਮਰੀਕਾ ਦੀ ਨਾਗਰਿਕਤਾ ਦਿੱਤੀ ਗਈ। ਇਸ ਤੋਂ ਪਹਿਲਾਂ ਮੇਲਾਨੀਆ ਦੇ ਮਾਤਾ-ਪਿਤਾ ਉਨ੍ਹਾਂ ਵੱਲੋਂ ਸਪਾਂਸਰ ਕੀਤੇ ਗਏ ਗ੍ਰੀਨ ਕਾਰਡ ਦੇ ਸਹਾਰੇ ਅਮਰੀਕਾ ਵਿਚ ਹੀ ਰਹਿ ਰਹੇ ਸਨ। 

ਉਨ੍ਹਾਂ ਦੇ ਵਕੀਲ ਮਾਈਕਲ ਵਾਈਲਡਜ਼ ਨੇ ਅਖਬਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਵਾਈਲਡਜ਼ ਮੁਤਾਬਕ ਇਕ ਵਾਰ ਗ੍ਰੀਨ ਕਾਰਡ ਮਿਲਣ ਮਗਰੋਂ ਉਹ ਯੋਗਤਾ ਦੇ ਆਧਾਰ 'ਤੇ ਨਾਗਰਿਕਤਾ ਲਈ ਐਪਲੀਕੇਸ਼ਨ ਦੇ ਸਕਦੇ ਹਨ। ਇਹ ਪੁੱਛਣ 'ਤੇ ਕਿ ਕੀ ਕਨਾਵਸ ਨੇ ਚੇਨ ਇਮੀਗ੍ਰੇਸ਼ਨ ਜ਼ਰੀਏ ਨਾਗਰਿਕਤਾ ਪ੍ਰਾਪਤ ਕੀਤੀ ਹੈ ਤਾਂ ਇਸ ਦੇ ਜਵਾਬ ਵਿਚ ਵਾਈਲਡਜ਼ ਨੇ ਕਿਹਾ,''ਮੈਨੂੰ ਲੱਗਦਾ ਹੈ ਇਹ ਬਹੁਤ ਗੰਦੀ ਦੁਨੀਆ ਹੈ।'' ਗੌਰਤਲਬ ਹੈ ਕਿ ਟਰੰਪ ਲਗਾਤਾਰ ਚੇਨ ਇਮੀਗ੍ਰੇਸ਼ਨ ਜਾਂ ਪਰਿਵਾਰਕ ਇਮੀਗ੍ਰੇਸ਼ਨ ਪ੍ਰਣਾਲੀ ਦਾ ਵਿਰੋਧ ਕਰਦੇ ਰਹੇ ਹਨ। ਇੱਥੋਂ ਤੱਕ ਕਿ ਨਵੰਬਰ ਵਿਚ ਉਨ੍ਹਾਂ ਨੇ ਟਵੀਟ ਕੀਤਾ ਸੀ,''ਚੇਨ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਹੈ। ਕੁਝ ਲੋਕ ਆਉਂਦੇ ਹਨ, ਫਿਰ ਉਹ ਆਪਣੇ ਨਾਲ ਪੂਰੇ ਪਰਿਵਾਰ ਨੂੰ ਲੈ ਆਉਂਦੇ ਹਨ, ਜੋ ਬਹੁਤ ਗਲਤ ਹੈ। ਇਹ ਮੰਨਣਯੋਗ ਨਹੀਂ ਹੈ।''