100 ਡਾਕਟਰਾਂ ਨੂੰ ਦਿਖਾਉਣ ਦੇ ਬਾਵਜੂਦ ਸ਼ਖਸ ਦਾ ਨਹੀਂ ਹੋ ਸਕਿਆ ਇਲਾਜ

09/22/2019 5:11:26 PM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਵਿਚ 59 ਸਾਲਾ ਸ਼ਖਸ ਅਜੀਬ ਬੀਮਾਰੀ ਦਾ ਸ਼ਿਕਾਰ ਹੈ। ਇਸ ਗੁੰਮਨਾਮ ਬੀਮਾਰੀ ਨੇ 59 ਸਾਲਾ ਬੌਬ ਸ਼ਾਰਟਜ਼ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। 100 ਤੋਂ ਵੱਧ ਡਾਕਟਰ ਵੀ ਉਸ ਦੀ ਇਸ ਬੀਮਾਰੀ ਬਾਰੇ ਪਤਾ ਨਹੀਂ ਲਗਾ ਪਾ ਸਕੇ ਹਨ। ਉਹ ਡਾਕਟਰਾਂ ਕੋਲ ਸਾਲ 2016 ਤੋਂ ਜਾ ਰਹੇ ਹਨ ਅਤੇ ਇਲਾਜ ਕਰਵਾ ਰਹੇ ਹਨ। ਅਸਲ ਵਿਚ ਬੌਬ ਨੂੰ ਅਨੀਂਦਰੇ ਦੀ ਬੀਮਾਰੀ ਹੈ ਮਤਲਬ ਉਸ ਨੂੰ ਰਾਤ ਵੇਲੇ ਨੀਂਦ ਨਹੀਂ ਆਉਂਦੀ। ਜੇਕਰ ਨੀਂਦ ਆ ਵੀ ਜਾਂਦੀ ਹੈ ਤਾਂ ਹਰੇਕ 90 ਮਿੰਟ ਬਾਅਦ ਉਨ੍ਹਾਂ ਨੂੰ ਟਾਇਲਟ ਲਈ ਉਠਣਾ ਹੀ ਪੈਂਦਾ ਹੈ। ਲਿਹਾਜਾ ਜ਼ਿਆਦਾਤਰ ਰਾਤਾਂ ਵਿਚ ਉਹ ਕੁੱਲ 4 ਘੰਟੇ ਹੀ ਸੌਂ ਪਾਉਂਦੇ ਹਨ।

ਹਰ ਵਾਰੀ ਉਠਣ ਜਾਂ ਲੰਮੇ ਪੈਣ 'ਤੇ ਉਨ੍ਹਾਂ ਦੇ ਸਰੀਰ ਦਾ ਤਰਲ ਪਦਾਰਥ ਵੱਡੇ ਪੱਧਰ 'ਤੇ ਸ਼ਿਫਟ ਹੁੰਦਾ ਹੈ। ਇਸ ਦੇ ਇਲਾਵਾ ਉਨ੍ਹਾਂ ਨੂੰ ਹਾਈ ਬੀ.ਪੀ., ਪੁਰਾਣੀ ਪਾਚਨ ਸੰਬੰਧੀ ਬੀਮਾਰੀ, ਹਾਰਮੋਨਜ਼ ਦਾ ਗੰਭੀਰ ਅਸਤੁੰਲਨ ਹੈ। ਉਨ੍ਹਾਂ ਦੇ ਖੱਬੇ ਪਾਸੇ ਦੀਆਂ ਮਾਸਪੇਸ਼ੀਆਂ ਵਿਚ ਕੜਵੱਲ ਹੁੰਦੀ ਹੈ। ਪੇਸ਼ੇ ਤੋਂ ਵਕੀਲ ਰਹੇ 59 ਸਾਲਾ ਬੌਬ ਨੂੰ ਨਹੀਂ ਪਤਾ ਕਿ ਉਹ ਕਿਸ ਬੀਮਾਰੀ ਦੀ ਦਵਾਈ ਲੈਣ ਅਤੇ ਹੁਣ ਕਿਹੜੇ ਡਾਕਟਰ ਨਾਲ ਸੰਪਰਕ ਕਰਨ। 

ਉਹ ਦੋ ਵਾਰੀ ਮੇਓ ਕਲੀਨਿਕ ਅਤੇ ਕਲੀਵਲੈਂਡ ਕਲੀਨਿਕ ਵਿਚ ਡਾਕਟਰਾਂ ਨੂੰ ਦਿਖਾ ਚੁੱਕੇ ਹਨ। ਡ੍ਰੈਟਾਈਟ ਕੋਲ ਰਹਿਣ ਵਾਲੇ ਬੌਬ ਨੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਵਿਚ ਅਨਡਾਈਗ੍ਰੋਜ਼ਡ ਡਿਸੀਜ਼ ਪ੍ਰੋਗਰਾਮ ਦੇ ਤਹਿਤ ਇਕ ਹਫਤੇ ਦਾ ਸਮਾਂ ਉੱਥੇ ਬਿਤਾਇਆ ਸੀ। ਸਾਬਕਾ ਮੈਰਾਥਨ ਦੌੜਾਕ ਦੇ ਬਾਰੇ ਵਿਚ ਮੇਓ ਮਾਹਰ ਨੇ ਕਿਹਾ ਕਿ ਇਹ ਇਕ ਅਸਧਾਰਨ ਦੁਰਲੱਭ ਮਾਮਲਾ ਹੈ। ਨੈਸ਼ਨਲ ਇੰਸਟੀਚਿਊਟ ਆਫ ਹੈਲਥ  ਦੇ ਡਾਕਟਰਾਂ ਨੇ ਉਨ੍ਹਾਂ ਦੇ ਲੱਛਣਾਂ ਲਈ ਇਕ ਸਪੱਸ਼ਟ ਕਾਰਨ ਦੀ ਪਛਾਣ ਕਰਦਿਆਂ ਦੱਸਿਆ ਕਿ ਉਨ੍ਹਾਂ ਦੀਆਂ ਨਾੜੀਆਂ ਕਾਫੀ ਵਧੀਆਂ ਹੋਈਆਂ ਹਨ ਅਤੇ ਬਹੁਤ ਜ਼ਿਆਦਾ ਖਿੱਚ ਪੈਦਾ ਕਰਨ ਵਾਲੀਆਂ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ ਅਤੇ ਇਸ ਦਾ ਇਲਾਜ ਕਿਵੇਂ ਸੰਭਵ ਹੈ। 

ਡਾਕਟਰਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਅਜਿਹਾ ਮਾਮਲੇ ਨਹੀਂ ਦੇਖਿਆ ਹੈ। ਸੈਂਟਰ ਦੇ ਡਾਕਟਰ ਡੋਨਾ ਨੋਵਾਸਿਕ ਨੇ ਕਿਹਾ ਕਿ ਸਾਡੇ ਕੋਲ ਹੁਣ ਤੱਕ ਇਸ ਬੀਮਾਰੀ ਦਾ ਕੋਈ ਇਲਾਜ ਨਹੀਂ ਹੈ। ਉਨ੍ਹਾਂ ਨੇ ਪਿਛਲੇ ਸਾਲ ਬੇਥੇਸਡਾ ਵਿਚ ਬੌਬ ਦੀ ਜਾਂਚ ਕਰਨ ਵਾਲੇ ਮਾਹਰਾਂ ਦੀ ਟੀਮ ਨਾਲ ਸੰਪਰਕ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਬਹੁਤ ਜਟਿਲ ਸਮੱਸਿਆ ਦੇ ਬਾਵਜੂਦ ਬੌਬ ਕਾਫੀ ਮਜ਼ਬੂਤ ਹਨ। ਬੌਬ ਦੇ ਮਾਮਲੇ ਦੀ ਵਿਲੱਖਣ ਪ੍ਰਕਿਰਤੀ ਅਤੇ ਇਲਾਜ ਦੀ ਕਮੀ ਨੇ ਨਿਰਾਸ਼ਾ ਪੈਦਾ ਕੀਤੀ ਹੈ। ਉੱਧਰ ਬੌਬ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਬੀਮਾਰੀ ਦੇ ਬਾਰੇ ਵਿਚ ਸਭ ਕੁਝ ਸਿੱਖਣ ਦਾ ਸੰਕਲਪ ਲਿਆ ਹੈ।

Vandana

This news is Content Editor Vandana