ਅਮਰੀਕੀ ਦੌਰੇ ਤੋਂ ਪਹਿਲਾਂ ਇਕ ਵੀਡੀਓ ਨੇ ਵਧਾਈਆਂ ਇਮਰਾਨ ਦੀਆਂ ਮੁਸ਼ਕਲਾਂ

07/19/2019 1:02:17 PM

ਵਾਸ਼ਿੰਗਟਨ (ਬਿਊਰੋ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜਲਦੀ ਹੀ ਅਮਰੀਕਾ ਦਾ ਦੌਰਾ ਕਰਨਗੇ। ਇਸ ਤੋਂ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਇਰਲ ਇਕ ਵੀਡੀਓ ਉਨ੍ਹਾਂ ਦੀਆਂ ਮੁਸ਼ਕਲਾਂ ਵਧਾ ਸਕਦਾ ਹੈ। ਅਸਲ ਵਿਚ ਬੁੱਧਵਾਰ ਨੂੰ ਪਾਕਿਸਤਾਨ ਵਿਚ ਰਹਿਣ ਵਾਲੇ ਅਹਿਮਦੀਆ ਭਾਈਚਾਰੇ ਦੇ ਇਕ ਸ਼ਖਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ। ਸ਼ਖਸ ਨੇ ਵ੍ਹਾਈਟ ਹਾਊਸ ਸਥਿਤ ਉਨ੍ਹਾਂ ਦੇ ਓਵਲ ਦਫਤਰ ਵਿਚ ਮੁਲਾਕਾਤ ਦੌਰਾਨ ਜੋ ਕੁਝ ਟਰੰਪ ਨੂੰ ਦੱਸਿਆ ਉਸ ਨਾਲ ਇਮਰਾਨ ਖਾਨ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਖਾਸ ਗੱਲ ਇਹ ਹੈ ਕਿ ਵੀਡੀਓ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਅਮਰੀਕੀ ਦੌਰੇ ਤੋਂ ਠੀਕ ਪਹਿਲਾਂ ਆਇਆ ਹੈ।

ਪਾਕਿਸਤਾਨ ਦੇ 83 ਸਾਲਾ ਅਬਦੁੱਲ ਸ਼ਕੂਰ ਅਹਿਮਦੀਆ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਬੁੱਧਵਾਰ ਨੂੰ ਉਨ੍ਹਾਂ ਨੇ ਇਕ ਹੋਰ ਅਹਿਮਦੀ ਮੁਸਲਮਾਨ ਸ਼ਾਨ ਤਾਸੀਰ ਨਾਲ ਟਰੰਪ ਨਾਲ ਮੁਲਾਕਾਤ ਕੀਤੀ। ਅਬਦੁੱਲ ਨੇ ਟਰੰਪ ਨੂੰ ਦੱਸਿਆ,''ਮੈਂ ਅਮਰੀਕਾ ਵਿਚ ਖੁਦ ਨੂੰ ਮੁਸਲਮਾਨ ਕਹਿ ਸਕਦਾ ਹਾਂ ਪਰ ਪਾਕਿਸਤਾਨ ਵਿਚ ਅਜਿਹਾ ਨਹੀਂ ਕਰ ਸਕਦਾ।'' ਉਸ ਨੇ ਅੱਗੇ ਦੱਸਿਆ,''ਸਾਲ 1974 ਵਿਚ ਸਾਨੂੰ ਪਾਕਿਸਤਾਨ ਵਿਚ ਗੈਰ ਮੁਸਲਿਮ ਐਲਾਨਿਆ ਗਿਆ ਸੀ। ਸਾਡੀਆਂ ਦੁਕਾਨਾਂ ਅਤੇ ਘਰ ਲੁੱਟ ਲਏ ਗਏ ਸਨ। ਸਾਡੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ ਗਈ। ਇਸ ਮਗਰੋਂ ਮੈਂ ਰਬਵਾਹ ਵਿਚ ਆਪਣੇ ਬੱਚਿਆਂ ਨਾਲ ਰਹਿਣ ਲੱਗਾ। ਉੱਥੇ ਮੇਰੀ ਇਕ ਕਿਤਾਬਾਂ ਦੀ ਦੁਕਾਨ ਸੀ।''

 

ਅਬਦੁੱਲ ਨੇ ਟਰੰਪ ਨੂੰ ਇਸ ਗੱਲ ਦੀ ਵੀ ਜਾਣਕਾਰੀ ਦਿੱਤੀ ਕਿ ਆਖਿਰ ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ ਨਾਲ ਕਿਹੋ ਜਿਹਾ ਵਿਵਹਾਰ ਕੀਤਾ ਜਾਂਦਾ ਹੈ। ਅਬਦੁੱਲ ਨੇ ਟਰੰਪ ਨੂੰ ਕਿਹਾ,''ਮੈਂ ਅੱਲਾਹ ਅੱਗੇ ਤੁਹਾਡੀ ਲੰਬੀ ਉਮਰ ਲਈ ਪ੍ਰਾਰਥਨਾ ਕਰਦਾ ਹਾਂ।'' ਅਬਦੁੱਲ ਦੀ ਗੱਲ ਸੁਣਨ ਮਗਰੋਂ ਟਰੰਪ ਨੇ ਉਸ ਨਾਲ ਹੱਥ ਮਿਲਾਇਆ ਅਤੇ ਕਿਹਾ,''ਦੇਖੋ ਦੁਨੀਆ ਇਕ ਬਹੁਤ ਮੁਸ਼ਕਲ ਜਗ੍ਹਾ ਹੈ। ਅਸੀਂ ਫਿਰ ਵੀ ਅੱਗੇ ਵੱਧ ਰਹੇ ਹਾਂ ਅਤੇ ਅੱਗੇ ਵੱਧਦੇ ਰਹਾਂਗੇ।'' ਇੱਥੇ ਦੱਸ ਦਈਏ ਕਿ ਅਬਦੁੱਲ ਨੂੰ ਪਾਕਿਸਤਾਨ ਵਿਚ ਅਹਿਮਦੀਆ ਧਰਮ ਦੀਆਂ ਗੱਲਾਂ ਦਾ ਪ੍ਰਚਾਰ ਕਰਨ ਅਤੇ ਧਾਰਮਿਕ ਸਹਿਣਸ਼ੀਲਤਾ ਨੂੰ ਖਤਮ ਕਰਨ ਨਾਲ ਸਬੰਧਤ ਕਿਤਾਬਾਂ ਵੇਚਣ ਦੇ ਦੋਸ਼ ਵਿਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ ਅਤੇ 6 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਸੀ। 

ਤਿੰਨ ਸਾਲ ਪਹਿਲਾਂ ਹੀ ਉਹ ਜੇਲ ਵਿਚੋਂ ਬਾਹਰ ਆਏ ਹਨ। ਲੋਕ ਪਿਆਰ ਨਾਲ ਉਨ੍ਹਾਂ ਨੂੰ ਰਬਵਾਹ ਵਿਚ ਸ਼ਕੂਰ ਭਾਈ ਕਹਿੰਦੇ ਸਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਅਹਿਮਦੀਆ ਭਾਈਚਾਰੇ ਦੀ ਆਬਾਦੀ 5 ਮਿਲੀਅਨ ਹੈ। ਇੱਥੇ ਉਨ੍ਹਾਂ ਨੂੰ ਕਾਫਿਰ ਕਿਹਾ ਜਾਂਦਾ ਹੈ।

Vandana

This news is Content Editor Vandana