ਐਲਬਰਟਾ ਤੋਂ ਰਵਾਨਾ ਹੋਇਆ ਜਹਾਜ਼ ਅਮਰੀਕਾ ''ਚ ਕ੍ਰੈਸ਼, 4 ਹਲਾਕ

02/26/2018 2:29:29 AM

ਟੋਰਾਂਟੋ — ਐਲਬਰਟਾ ਤੋਂ ਰਵਾਨਾ ਹੋਇਆ ਇਕ ਛੋਟਾ ਹਵਾਈ ਜਹਾਜ਼ ਅਮਰੀਕਾ ਦੇ ਯੂਟਾ ਸੂਬੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਇਸ 'ਚ ਸਵਾਰ 4 ਯਾਤਰੀਆਂ ਦੀ ਮੌਤ ਹੋ ਗਈ। ਅਮਰੀਕਾ ਦੇ ਸਿਵਲ ਏਅਰ ਪੈਟਰੋਲ ਵਿਭਾਗ ਦੇ ਬੁਲਾਰੇ ਡੈਨ ਬੈਲੇ ਨੇ ਦੱਸਿਆ ਕਿ ਇਕ ਪਾਈਪਰ ਲਾਂਸ ਹਵਾਈ ਜਹਾਜ਼ ਦਾ ਮਲਬਾ ਕੋਲੋਰਾਡੋ ਦੇ ਨਾਲ ਲੱਗਦੇ ਯੂਟਾ ਕਸਬੇ ਦੀਆਂ ਪਹਾੜੀਆਂ 'ਚ ਮਿਲਿਆ। ਜਹਾਜ਼ 'ਚ ਸਵਾਰ ਲੋਕਾਂ ਦੇ ਨਿਊ ਮੈਕਸੀਕੋ ਜਾਣਾ ਸੀ।
ਐਲਬਰਟਾ ਨੇ ਨਿਊ ਡੇਟਨ ਦੇ ਵਸਨੀਕ ਜੌਨ ਕੌਪ ਨੇ ਦੱਸਿਆ ਕਿ ਉਸ ਦਾ ਪਿਤਾ, ਭਰਾ ਅਤੇ 2 ਹੋਰ ਪਰਿਵਾਰਕ ਦੋਸਤ ਹਵਾਈ ਜਹਾਜ਼ 'ਚ ਸਵਾਰ ਸਨ ਅਤੇ ਖਰਾਬ ਮੌਸਮ ਕਾਰਨ ਉਨ੍ਹਾਂ ਨੂੰ ਆਪਣਾ ਜਹਾਜ਼ ਕੋਲੋਰਾਡੋ ਦੇ ਗਰੈਂਡ ਜੰਕਸ਼ਨ ਰੀਜਨਲ ਹਵਾਈ ਅੱਡੇ ਤੋਂ ਉਤਾਰਨਾ ਪਿਆ। ਹਾਲਾਤ ਠੀਕ ਹੋਣ 'ਤੇ ਹਵਾਈ ਜਹਾਜ਼ ਨੇ ਗਰੈਂਡ ਜੰਕਸ਼ਨ ਤੋਂ ਉਡਾਣ ਭਰੀ ਅਤੇ ਅਲਬਕਰਕ ਲਈ ਰਵਾਨਾ ਹੋ ਗਿਆ ਪਰ ਮੰਜ਼ਿਲ 'ਤੇ ਪੁੱਜਣ ਤੋਂ ਪਹਿਲਾਂ ਹੀ ਹਾਦਸਾ ਵਾਪਰ ਗਿਆ।
ਹਾਦਸੇ 'ਚ ਮਰਨ ਵਾਲਿਆਂ ਦੀ ਪਛਾਣ ਪਾਇਲਟ ਬਿਲ ਕੌਪ, ਕਲਿੰਟ ਕੌਪ, ਟਿਮ ਮਿਊਲਰ ਅਤੇ ਰੌਨ ਮੈਕਿਨਜ਼ੀ ਵੱਜੋਂ ਕੀਤੀ ਗਈ ਹੈ। ਅਮਰੀਕੀ ਸਿਵਲ ਜਹਾਜ਼ ਸਵੇਰੇ 10:30 ਵਜੇ ਰਾਡਾਰ ਤੋਂ ਗਾਇਬ ਹੋ ਗਿਆ ਅਤੇ ਇਸ ਮਗਰੋਂ ਮੁੜ ਸੰਪਰਕ ਕਾਇਮ ਨਾ ਕੀਤਾ ਜਾ ਸਕਿਆ। ਫੈਡਰਲ ਐਵੀਏਸ਼ਨ ਏਜੰਸੀ ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਅਧਿਕਾਰੀ ਘਟਨਾ ਵਾਲੀ ਥਾਂ ਪਹੁੰਚੇ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।