ਅਕਾਲੀ ਦਲ ਤੇ ਬਸਪਾ ਦੇ ਗਠਜੋੜ ਨਾਲ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਡੂੰਘੀਆਂ ਆਸਾਂ, ਇਟਲੀ ਭਾਈਚਾਰੇ ਵੱਲੋਂ ਸਵਾਗਤ

06/13/2021 1:28:42 PM

ਰੋਮ (ਕੈਂਥ): ਜਦੋਂ ਇਸ ਸਾਲ ਅਪ੍ਰੈਲ ਵਿੱਚ ਸ੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸਿੰਘ ਬਾਦਲ ਨੇ ਸੱਤਾ ਵਿੱਚ ਆਉਣ 'ਤੇ ਪੰਜਾਬ ਦਾ ਉਪ ਮੁੱਖ ਮੰਤਰੀ ਇੱਕ ਦਲਿਤ ਨੂੰ ਬਣਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਵੇਲੇ ਤੋਂ ਹੀ ਭਾਰਤੀ ਸਿਆਸਤ ਦੇ ਮਾਹਰਾਂ ਵੱਲੋ ਲਗਾਏ ਜਾ ਰਹੇ ਕਿਆਫ਼ੇ ਆਪਣੇ ਸਿਖਰ 'ਤੇ ਸਨ ਕਿ ਅਕਾਲੀ ਤੇ ਬਸਪਾ ਵਿੱਚ ਗਠਜੋੜ ਤੈਅ ਹੈ ਜਿਸ ਨੂੰ ਅੱਜ ਇਹਨਾਂ ਦੋਨਾਂ ਪਾਰਟੀਆਂ ਦੇ ਆਗੂਆਂ ਨੇ ਰਸਮੀ ਐਲਾਨ ਕਰ ਸਾਫ਼ ਕਰ ਦਿੱਤਾ ਹੈ।ਅਕਾਲੀ ਦਲ ਅਤੇ ਬਹੁਜਨ ਪਾਰਟੀ ਨੇ ਵਿਧਾਨ ਸਭਾ ਚੋਣਾਂ ਨੂੰ ਲੈਕੇ ਕੀਤੇ ਇਸ ਗਠਜੋੜ ਨਾਲ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਹੁਣ ਇਹਨਾਂ ਪਾਰਟੀਆਂ ਤੋਂ ਡੂੰਘੀਆਂ ਆਸਾਂ ਹਨ ਤੇ ਹੁਣ ਉਹਨਾਂ ਨੂੰ ਲੱਗਣ ਲੱਗਾ ਹੈ ਕਿ ਉਹਨਾਂ ਦੇ ਦਿਲ ਦੀਆਂ ਬਾਤਾਂ ਆਉਣ ਵਾਲੀ ਅਕਾਲੀ ਦਲ ਬਸਪਾ ਸਰਕਾਰ ਪੂਰਾ ਕਰੇਗੀ।

14 ਅਪ੍ਰੈਲ 1984 ਨੂੰ ਭਾਰਤ ਦੇ ਗਰੀਬ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਰਾਖੀ ਕਰਨ ਹਿੱਤ ਤੇ ਸਮਾਜ ਵਿੱਚ ਸਮਾਨਤਾ ਤੇ ਭਾਈਚਾਰਕ ਸਾਂਝ ਵਧਾਉਣ ਲਈ ਬਣੀ ਬਹੁਜਨ ਸਮਾਜ ਪਾਰਟੀ ਦੁਨੀਆ ਦੀ ਇੱਕੋ ਇੱਕ ਅਜਿਹੀ ਸਿਆਸੀ ਪਾਰਟੀ ਹੈ ਜਿਸ ਦਾ ਚੋਣ ਘੋਸ਼ਣਾ ਪੱਤਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਵਾਲੇ ਸਮਾਜ ਦੀ ਸਿਰਜਣਾ ਕਰਨਾ ਹੈ।ਅਕਾਲੀ ਦਲ ਨੇ ਇਹ ਸਿਆਸੀ ਗਠਜੋੜ ਬਸਪਾ ਨਾਲ ਦੂਜੀ ਵਾਰ ਕੀਤਾ ਹੈ ਪਹਿਲਾਂ ਸੰਨ 1996 ਵਿੱਚ ਗਠਜੋੜ ਹੋਇਆ ਸੀ ਜਿਸ ਨੂੰ ਲੋਕਾਂ ਨੇ ਤਹਿ ਦਿਲੋ ਸਹਿਯੋਗ ਦਿੱਤਾ ਸੀ।ਪੰਜਾਬ ਵਿੱਚ ਦਲਿਤ ਵੋਟ 31% ਹੈ ਜੋ ਕਿ ਦੇਸ਼ ਵਿੱਚ ਹੋਰ ਸੂਬਿਆਂ ‘ਚ ਸਭ ਤੋਂ ਵੱਧ ਹੈ ਤੇ ਜੇ ਗੱਲ ਦੁਆਬੇ ਦੀ ਕੀਤੀ ਜਾਵੇ ਤਾਂ ਇੱਥੇ ਦਲਿਤ ਵੋਟ 42% ਹੈ ਜਿਸ ਨਾਲ ਦੁਆਬੇ ਨੂੰ ਦਲਿਤ ਭਾਈਚਾਰੇ ਦਾ ਗੜ੍ਹ ਮੰਨਿਆ ਜਾਂਦਾ ਹੈ।

ਪੜ੍ਹੋ ਇਹ ਅਹਿਮ ਖਬਰ- ਸੀਰੀਆ : ਹਸਪਤਾਲ 'ਤੇ ਮਿਜ਼ਾਈਲ ਹਮਲਾ, 2 ਸਿਹਤ ਵਰਕਰਾਂ ਸਮੇਤ 13 ਲੋਕਾਂ ਦੀ ਮੌਤ

ਬਸਪਾ ਨੇ ਜਿੰਨੀ ਵਾਰ ਵੀ ਚੌਣਾਂ ਲੜੀਆਂ ਗਰੀਬ ਲੋਕਾਂ ਦੇ ਹੱਕਾਂ ਤੇ ਅਧਿਕਾਰਾਂ ਦੀ ਗੱਲ ਨੂੰ ਮੁੱਖ ਰੱਖ ਲੜੀਆਂ ਅਤੇ ਇਸ ਵਿਚਾਰਧਾਰਾ ਨਾਲ ਹੀ ਯੂ ਪੀ ਵਿੱਚ ਬਸਪਾ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਹਨ ਪਰ ਪੰਜਾਬ ਵਿੱਚ ਆਗੂ ਟੀਮ ਇੱਕਮੁੱਠ ਵਿਚਾਰਧਾਰਾ ਦਾ ਬੀਤੇ ਸਮੇਂ ਵਿੱਚ ਵਿਕਾਸ ਨਹੀ ਕਰ ਸਕੀ ਤੇ ਬੀਤੇ ਸਮੇਂ ਵਿੱਚ ਪਾਰਟੀ ਵਿੱਚ ਵੰਡ ਤੇ ਕਮਜ਼ੋਰ ਜੱਥੇਬੰਦਕ ਢਾਂਚੇ ਨੇ ਵੀ ਪਾਰਟੀ ਨੂੰ ਖੋਰਾ ਲਾਇਆ ਪਰ ਇਸ ਦੇ ਬਾਵਜੂਦ ਪਾਰਟੀ ਦਾ ਵੋਟ ਬੈਂਕ ਵਧਿਆ ਹੀ ਹੈ।ਬੇਸ਼ੱਕ ਪਾਰਟੀ ਸੱਤਾ ਵਿੱਚ ਨਹੀ ਆ ਸਕੀ ਪਰ ਲੋਕਾਂ ਦੇ ਦਿਲਾਂ ਵਿੱਚ ਆਪਣੀ ਹੋਂਦ ਕਾਇਮ ਕਰਨ ਵਿੱਚ ਕਾਮਯਾਬ ਰਹੀ ਹੈ

।ਸ੍ਰੋਮਣੀ ਅਕਾਲੀ ਦਲ (ਬ) ਨੂੰ ਇਸ ਗਠਜੋੜ ਨਾਲ ਉਹਨਾਂ ਦੋਸ਼ਾਂ ਤੋਂ ਵੀ ਹੁਣ ਮੁਕਤੀ ਮਿਲ ਜਾਵੇਗੀ ਜੋ ਉਸ ਨੂੰ ਆਰ ਐਸ ਐਸ ਦਾ ਵਿੰਗ ਹੋਣ ਦੀ ਦੁਹਾਈ ਦਿੰਦੇ ਸਨ।ਇਸ ਗਠਜੋੜ ਵਿੱਚ ਬਸਪਾ ਨੂੰ 20 ਸੀਟਾਂ ਦੇ ਕੇ ਅਕਾਲੀ ਦਲ ਨੇ ਨਵੇ ਇਤਿਹਾਸ ਦੀ ਸਿਰਜਣਾ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਹੁਣ ਦੇਸ਼ ਵਿਦੇਸ਼ ਦੋਨਾਂ ਪਾਰਟੀਆਂ ਦੇ ਸਮਰਥਕਾਂ ਵੱਲੋ ਲੰਡੂ ਵੰਡ ਕੇ ਖੁਸ਼ੀ ਮਨਾਈ ਜਾ ਰਹੀ ਹੈ।ਇਟਲੀ ਦੇ ਸ਼੍ਰੋਮਣੀ ਅਕਾਲੀ ਦਲ ਐਨ ਆਰ ਆਈ ਵਿੰਗ ਤੇ ਬਸਪਾ ਸਮਰਥਕਾਂ ਵੱਲੋ ਗਠਜੋੜ ਦਾ ਨਿੱਘਾ ਸਵਾਗਤ ਕਰਦੇ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

Vandana

This news is Content Editor Vandana