ਅਜੀਤ ਡੋਵਾਲ ਨੇ ਵਲਾਦੀਮੀਰ ਪੁਤਿਨ ਨਾਲ ਕੀਤੀ ਮੁਲਾਕਾਤ, ਭਾਰਤ-ਰੂਸ ਰਣਨੀਤਕ ਸਾਂਝੇਦਾਰੀ 'ਤੇ ਚਰਚਾ

02/09/2023 5:11:29 PM

ਮਾਸਕੋ (ਏ.ਐੱਨ.ਆਈ.): ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਵਾਲ ਨੇ ਰੂਸ-ਯੂਕ੍ਰੇਨ ਯੁੱਧ ਵਿਚਕਾਰ ਵੀਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਰੂਸ ਵਿੱਚ ਭਾਰਤੀ ਦੂਤਘਰ ਨੇ ਇਸ ਦੀ ਜਾਣਕਾਰੀ ਦਿੱਤੀ। ਡੋਵਾਲ ਅਫਗਾਨਿਸਤਾਨ 'ਤੇ ਬਹੁ-ਪੱਖੀ ਸੁਰੱਖਿਆ 'ਤੇ ਬੈਠਕ 'ਚ ਸ਼ਾਮਲ ਹੋਣ ਲਈ ਮਾਸਕੋ ਪਹੁੰਚੇ ਹਨ।

ਰਾਸ਼ਟਰਪਤੀ ਨਾਲ ਇਹਨਾਂ ਮੁੱਦਿਆਂ 'ਤੇ ਹੋਈ ਚਰਚਾ 

ਰੂਸ ਵਿੱਚ ਭਾਰਤੀ ਦੂਤਘਰ ਵੱਲੋਂ ਦੱਸਿਆ ਗਿਆ ਕਿ ਐਨਐਸਏ ਅਜੀਤ ਡੋਵਾਲ ਨੇ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਦੌਰਾਨ ਦੁਵੱਲੇ ਅਤੇ ਖੇਤਰੀ ਮੁੱਦਿਆਂ ’ਤੇ ਵਿਆਪਕ ਚਰਚਾ ਕੀਤੀ। ਭਾਰਤ-ਰੂਸ ਰਣਨੀਤਕ ਭਾਈਵਾਲੀ ਨੂੰ ਲਾਗੂ ਕਰਨ ਲਈ ਕੰਮ ਕਰਨਾ ਜਾਰੀ ਰੱਖਣ ਲਈ ਵੀ ਸਹਿਮਤੀ ਬਣੀ।

ਡੋਵਾਲ ਨੇ ਕਿਹਾ- ਅਫਗਾਨਿਸਤਾਨ ਮੁਸ਼ਕਿਲ ਦੌਰ 'ਚੋਂ ਗੁਜ਼ਰ ਰਿਹਾ

ਬੁੱਧਵਾਰ ਨੂੰ ਅਫਗਾਨਿਸਤਾਨ 'ਤੇ ਸੁਰੱਖਿਆ ਪਰਿਸ਼ਦ/ਐੱਨਐੱਸਏ ਦੇ ਸਕੱਤਰਾਂ ਦੀ ਪੰਜਵੀਂ ਬੈਠਕ 'ਚ ਬੋਲਦੇ ਹੋਏ ਐੱਨਐੱਸਏ ਡੋਵਾਲ ਨੇ ਕਿਹਾ ਸੀ ਕਿ ਕਾਬੁਲ 'ਚ ਇਕ ਸਮਾਵੇਸ਼ੀ ਅਤੇ ਪ੍ਰਤੀਨਿਧੀ ਵਿਵਸਥਾ ਅਫਗਾਨ ਸਮਾਜ ਦੇ ਵਡੇਰੇ ਹਿੱਤ 'ਚ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਫਗਾਨਿਸਤਾਨ ਦੇ ਲੋਕਾਂ ਦੀ ਭਲਾਈ ਅਤੇ ਮਾਨਵਤਾਵਾਦੀ ਲੋੜਾਂ ਭਾਰਤ ਦੀ ਪ੍ਰਮੁੱਖ ਤਰਜੀਹ ਹੈ। NSA ਨੇ ਕਿਹਾ ਕਿ ਅੱਤਵਾਦ ਖੇਤਰ ਲਈ ਵੱਡਾ ਖ਼ਤਰਾ ਬਣ ਗਿਆ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ ਅਤੇ ਦਾਏਸ਼ ਵਰਗੇ ਅੱਤਵਾਦੀ ਸੰਗਠਨਾਂ ਦਾ ਮੁਕਾਬਲਾ ਕਰਨ ਲਈ ਮੈਂਬਰ ਦੇਸ਼ਾਂ ਦਰਮਿਆਨ ਡੂੰਘੇ ਖੁਫੀਆ ਅਤੇ ਸੁਰੱਖਿਆ ਸਹਿਯੋਗ ਦੀ ਲੋੜ ਹੈ।

ਅਫਗਾਨਿਸਤਾਨ ਨਾਲ ਸਬੰਧਤ ਵੱਖ-ਵੱਖ ਮੁੱਦਿਆਂ 'ਤੇ ਚਰਚਾ ਕੀਤੀ ਗਈ, ਜਿਸ ਵਿਚ ਦੇਸ਼ ਨੂੰ ਦਰਪੇਸ਼ ਸੁਰੱਖਿਆ ਸਥਿਤੀ ਅਤੇ ਮਨੁੱਖੀ ਚੁਣੌਤੀਆਂ ਸ਼ਾਮਲ ਹਨ। NSA ਨੇ ਕਿਹਾ ਕਿ ਭਾਰਤ ਅਫਗਾਨਿਸਤਾਨ ਵਿੱਚ ਇੱਕ ਮਹੱਤਵਪੂਰਨ ਹਿੱਸੇਦਾਰ ਹੈ ਅਤੇ ਰਹੇਗਾ। ਉਨ੍ਹਾਂ ਕਿਹਾ ਕਿ ਭਾਰਤ ਹਮੇਸ਼ਾ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਅਫਗਾਨਿਸਤਾਨ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਖੁਸ਼ਹਾਲ ਅਤੇ ਜੀਵੰਤ ਰਾਸ਼ਟਰ ਬਣਾਉਣ ਵਿੱਚ ਮਦਦ ਕਰਨ ਲਈ ਸਮੂਹਿਕ ਯਤਨਾਂ ਦਾ ਹਮੇਸ਼ਾ ਸਮਰਥਨ ਕਰੇਗਾ। ਭਾਰਤ ਨੇ ਅਫਗਾਨਿਸਤਾਨ ਵਿੱਚ ਸੰਕਟ ਦੇ ਸਮੇਂ  40,000 ਮੀਟ੍ਰਿਕ ਟਨ ਕਣਕ, 60 ਟਨ ਦਵਾਈਆਂ, 5 ਲੱਖ ਕੋਵਿਡ ਵੈਕਸੀਨ ਭੇਜ ਕੇ ਮਦਦ ਕੀਤੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ :  H-1B ਵੀਜ਼ਾ ਧਾਰਕਾਂ ਲਈ ਗ੍ਰੇਸ ਪੀਰੀਅਡ ਵਧਾਉਣ ਲਈ ਆਨਲਾਈਨ ਪਟੀਸ਼ਨ ਸ਼ੁਰੂ

ਮੀਟਿੰਗ ਵਿੱਚ ਰੂਸ ਤੋਂ ਇਲਾਵਾ ਭਾਰਤ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਚੀਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਪ੍ਰਤੀਨਿਧ ਸਨ। ਅਫਗਾਨਿਸਤਾਨ 'ਤੇ ਬਹੁ-ਪੱਖੀ ਸੁਰੱਖਿਆ ਸੰਵਾਦ ਦਾ ਤੀਜਾ ਦੌਰ ਨਵੰਬਰ 2021 ਵਿੱਚ NSA ਅਜੀਤ ਡੋਵਾਲ ਦੀ ਪ੍ਰਧਾਨਗੀ ਹੇਠ ਨਵੀਂ ਦਿੱਲੀ ਵਿੱਚ ਆਯੋਜਿਤ ਕੀਤਾ ਗਿਆ ਸੀ। ਚੌਥੀ ਬੈਠਕ ਮਈ 2022 ਵਿੱਚ ਦੁਸ਼ਾਂਬੇ, ਤਜ਼ਾਕਿਸਤਾਨ ਵਿੱਚ ਹੋਈ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana