ਉੱਤਰ ਕੋਰੀਆ ਨਾਲ ਸਮਝੌਤਾ ਬਹੁਤ ਵਧੀਆ ਹੋਵੇਗਾ : ਟਰੰਪ

03/10/2018 8:30:16 PM

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਉੱਤਰ ਕੋਰੀਆ ਦੇ ਮੁਖੀ ਨਾਲ ਹੋਣ ਵਾਲੀ ਸੰਭਾਵੀ ਗੱਲਬਾਤ ਬਹੁਤ ਹੀ ਵਧੀਆ ਹੋਵੇਗੀ ਤੇ ਇਸ ਦੇ ਲਈ ਸਮਾਂ ਤੇ ਥਾਂ ਹਾਲੇ ਤੈਅ ਨਹੀਂ ਹੋਇਆ ਹੈ। ਉੱਤਰ ਕੋਰੀਆਈ ਮੁਖੀ ਕਿਮ ਜੋਂਗ ਉਨ ਵੱਲੋਂ ਆਏ ਸੱਦੇ ਨੂੰ ਸਵੀਕਾਰ ਕਰਨ ਦੇ ਇਕ ਦਿਨ ਬਾਅਦ ਟਰੰਪ ਨੇ ਇਕ ਟਵੀਟ ਕਰ ਕਿਹਾ, 'ਉੱਤਰ ਕੋਰੀਆਈ ਨੇਤਾ ਨਾਲ ਹੋਣ ਵਾਲੀ ਗੱਲਬਾਤ ਜੇਕਰ ਸਹੀ ਤਰੀਕੇ ਨਾਲ ਪੂਰੀ ਹੁੰਦੀ ਹੈ ਤਾਂ ਇਹ ਪੂਰੇ ਵਿਸ਼ਵ ਲਈ ਬਹੁਤ ਹੀ ਚੰਗੀ ਗੱਲ ਹੋਵੇਗੀ ਤੇ ਇਸ ਦੇ ਲਈ ਤਰੀਕ ਤੇ ਸਮਾਂ ਬਾਅਦ 'ਚ ਤੈਅ ਕੀਤਾ ਜਾਵੇਗਾ।'
ਇਸ ਗੱਲਬਾਤ ਨੂੰ ਇਸ ਲਿਹਾਜੇ ਨਾਲ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਹਾਲੇ ਤਕ ਕਿਸੇ ਵੀ ਅਮਰੀਕੀ ਰਾਸ਼ਟਰਪਤੀ ਨੇ ਉੱਤਰ ਕੋਰੀਆ ਦੇ ਨੇਤਾ ਨਾਲ ਕੋਈ ਗੱਲਬਾਤ ਨਹੀਂ ਕੀਤੀ ਹੈ। ਇਸ ਘਟਨਾਕ੍ਰਮ 'ਤੇ ਪ੍ਰਤੀਕਿਰਿਆ ਕਰਦੇ ਹੋਏ ਉਪ ਰਾਸ਼ਟਰਪਤੀ ਮਾਇਕ ਪੈਂਸ ਨੇ ਕਿਹਾ ਕਿ ਟਰੰਪ ਨਾਲ ਮੁਲਾਕਾਤ ਦਾ ਉੱਤਰ ਕੋਰੀਆਈ ਨੇਤਾ ਦਾ ਫੈਸਲਾ ਇਹ ਸਾਬਿਤ ਕਰਦਾ ਹੈ ਕਿ ਉਸ ਨੂੰ ਵਖਰਾ ਕਰਨ ਦੀ ਅਮਰੀਕਾ ਦੀ ਨੀਤੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇਸ ਦੇ ਲਈ ਕੋਈ ਵੀ ਰਿਆਇਤ ਨਹੀਂ ਕੀਤੀ ਹੈ ਤੇ ਇਹ ਜ਼ੀਰੋ ਰਿਆਇਤ 'ਤੇ ਅਧਾਰਿਤ ਹੈ ਤੇ ਉਦੋਂ ਉੱਤਰ ਕੋਰੀਆ ਆਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਨਹੀਂ ਕਰ ਦਿੰਦਾ ਉਦੋਂ ਤਕ ਉਸ 'ਤੇ ਦਬਾਅ ਬਣਾਇਆ ਜਾਵੇਗਾ। ਸਿਆਸੀ ਸੂਤਰਾਂ ਨੇ ਦੱਸਿਆ ਕਿ ਇਹ ਬੈਠਕ ਸਵੀਡਨ 'ਚ ਹੋ ਸਕਦੀ ਹੈ ਤੇ ਇਸ ਮਾਮਲੇ 'ਚ ਉੱਤਰ ਕੋਰੀਆਈ ਵਿਦੇਸ਼ ਮੰਤਰੀ ਰਿ ਯੋਂਗ ਹੋ ਸਵੀਡਨ ਦੇ ਆਪਣੇ ਹਮਰੂਤਬਾ ਨਾਲ ਗੱਲਬਾਤ ਕਰਨ ਜਾਣਗੇ।