ਜਾਧਵ ਰਹਿਮ ਪਟੀਸ਼ਨ ਦੀ ਸਮੀਖਿਆ ਤੋਂ ਬਾਅਦ ਫੌਜ ਮੁਖੀ ਲੈਣਗੇ ਫੈਸਲਾ

07/16/2017 7:38:43 PM

ਇਸਲਾਮਾਬਾਦ— ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਜੇਲ 'ਚ ਬੰਦ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਨਾਲ ਜੁੜੇ ਸਬੂਤਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ ਤੇ ਗੁਣ-ਦੋਸ਼ 'ਤੇ ਵਿਚਾਰ ਕਰਨ ਦੇ ਬਾਅਦ ਉਨ੍ਹਾਂ ਦੀ ਪਟੀਸ਼ਨ 'ਤੇ ਫੈਸਲਾ ਲੈਣਗੇ। ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਅੱਤਵਾਦੀ ਗਤੀਵਿਧੀਆਂ ਤੇ ਜਾਸੂਸੀ ਦੇ ਦੋਸ਼ 'ਚ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਧਵ ਨੂੰ ਇਸ ਸਾਲ ਅਪ੍ਰੈਲ 'ਚ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਹੇਗ 'ਚ ਸਥਿਤ ਅੰਤਰਰਾਸ਼ਟਰੀ ਅਦਾਲਤ 'ਚ ਇਸ ਖਿਲਾਫ ਅਪੀਲ ਕੀਤੀ ਤੇ ਭਾਰਤ ਦੀ ਅਪੀਲ 'ਤੇ ਅੰਤਰਰਾਸ਼ਟਰੀ ਅਦਾਲਤ ਨੇ ਜਾਧਵ ਦੀ ਫਾਂਸੀ 'ਤੇ ਰੋਕ ਲਗਾ ਦਿੱਤੀ ਸੀ। 22 ਜੂਨ ਨੂੰ ਇੰਟਰ ਸਰਵਿਸਜ਼ ਪਬਲਿਕ ਰਿਲੇਸ਼ਨ ਵਲੋਂ ਜਾਰੀ ਕੀਤੇ ਇਕ ਬਿਆਨ 'ਚ ਕਿਹਾ ਗਿਆ ਸੀ ਕਿ 46 ਸਾਲਾਂ ਜਾਧਵ ਨੇ ਜਨਰਲ ਬਾਜਵਾ ਦੇ ਸਾਹਮਣੇ ਪਿਛਲੇ ਮਹੀਨੇ ਪਟੀਸ਼ਨ ਦਾਇਰ ਕੀਤੀ ਸੀ ਤੇ ਅਪੀਲੀ ਅਦਾਲਤ ਵਲੋਂ ਉਨ੍ਹਾਂ ਦੀ ਅਪੀਲ ਖਾਰਜ ਕਰਨ ਤੋਂ ਬਾਅਦ ਉਨ੍ਹਾਂ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ। ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਪੱਤਰਕਾਰਾਂ ਦੇ ਸਾਹਮਣੇ ਕਿਹਾ ਕਿ ਜਨਰਲ ਬਾਜਵਾ ਜਾਧਵ ਨਾਲ ਜੁੜੇ ਸਬੂਤਾਂ ਦਾ ਵਿਸ਼ਲੇਸ਼ਣ ਕਰ ਰਹੇ ਹਨ। ਫੌਜ ਮੁਖੀ ਗੁਣ ਦੋਸ਼ ਦੇ ਅਧਾਰ 'ਤੇ ਫੈਸਲਾ ਕਰਨਗੇ। ਪਾਕਿਸਤਾਨ ਦੇ ਕਾਨੂੰਨ ਦੇ ਤਹਿਤ ਜਾਧਵ ਫੌਜ ਮੁਖੀ ਨੂੰ ਸਜ਼ਾ ਮੁਆਫ ਕਰਨ ਦੀ ਅਪੀਲ ਕਰ ਸਕਦੇ ਹਨ ਤੇ ਅਪੀਲ ਖਾਰਜ ਹੋਣ ਦੇ ਬਾਅਦ ਉਹ ਪਾਕਿਸਤਾਨ ਦੇ ਰਾਸ਼ਟਰਪਤੀ ਨੂੰ ਰਹਿਮ ਪਟੀਸ਼ਨ ਦੇ ਸਕਦੇ ਹਨ।