ਪਹਿਲੀ ਵਾਰ ਕੋਈ ਮਹਿਲਾ ਬਣੀ 'ਅਫਗਾਨ ਸਟਾਰ' ਖਿਤਾਬ ਦੀ ਜੇਤੂ

03/31/2019 4:48:08 PM

ਕਾਬੁਲ (ਬਿਊਰੋ)— ਅਫਗਾਨਿਸਤਾਨ ਦਾ ਗਾਣਿਆਂ 'ਤੇ ਆਧਾਰਿਤ ਮਸ਼ਹੂਰ ਟੀਵੀ ਸ਼ੋਅ 'ਅਫਗਾਨ ਸਟਾਰ' ਦਾ ਖਿਤਾਬ ਪਹਿਲੀ ਵਾਰ ਕਿਸੇ ਮਹਿਲਾ ਗਾਇਕਾ ਨੇ ਜਿੱਤਿਆ। ਮਹਿਲਾ ਦਾ ਨਾਮ ਜ਼ਾਹਰਾ ਇਲਹਾਮ ਹੈ। 20 ਸਾਲਾ ਜ਼ਾਹਰਾ ਇਲਹਾਮ ਨੇ ਅਫਗਾਨ ਸਟਾਰ ਦਾ 14ਵਾਂ ਐਡੀਸ਼ਨ ਬੀਤੇ ਹਫਤੇ ਜਿੱਤਿਆ ਹੈ। ਬੀਤੇ 13 ਸਾਲਾਂ ਤੋਂ ਇਸ ਮਸ਼ਹੂਰ ਟੀਵੀ ਸ਼ੋਅ ਨੂੰ ਪੁਰਸ਼ ਜਿੱਤਦੇ ਆ ਰਹੇ ਸਨ। ਅਮਰੇਕਿਨ ਆਈਡਲ ਦੇ ਅਫਗਾਨ ਐਡੀਸ਼ਨ ਨੂੰ ਜਿੱਤਣ ਵਾਲੀ ਜ਼ਾਹਰਾ ਦਾ ਕਹਿਣਾ ਹੈ ਕਿ ਆਪਣੇ ਸੰਗੀਤ ਜ਼ਰੀਏ ਹੁਣ ਉਹ ਤਾਲਿਬਾਨ ਨਾਲ ਲੜੇਗੀ। ਉਹ ਆਪਣੇ ਦੇਸ਼ ਨੂੰ ਅਸਥਿਰ ਹੋਣ ਤੋਂ ਬਚਾਉਣਾ ਚਾਹੁੰਦੀ ਹੈ।

ਫਿਲਹਾਲ ਅਫਗਾਨਿਸਤਾਨ ਤਾਲਿਬਾਨ ਨਾਲ ਜੂਝ ਰਿਹਾ ਹੈ, ਜਿਸ ਨੇ ਇੱਥੇ ਦਹਿਸ਼ਤ ਫੈਲਾਈ ਹੋਈ ਹੈ। ਤਾਲਿਬਾਨ ਅਕਸਰ ਅਫਗਾਨਿਸਤਾਨ ਵਿਚ ਅੱਤਵਾਦੀ ਹਮਲੇ ਕਰਵਾਉਂਦਾ ਰਹਿੰਦਾ ਹੈ। ਅਫਗਾਨਿਸਤਾਨ ਦਾ ਮੰਨਣਾ ਹੈ ਕਿ ਤਾਲਿਬਾਨ ਨੂੰ ਪਾਕਿਸਤਾਨ ਦਾ ਸਮਰਥਨ ਪ੍ਰਾਪਤ ਹੈ। ਜ਼ਾਹਰਾ ਅਫਗਾਨਿਸਤਾਨ ਦੇ ਹਜ਼ਾਰਾਂ ਘੱਟ ਗਿਣਤੀ ਭਾਈਚਾਰੇ ਤੋਂ ਹੈ। ਉਹ ਰਵਾਇਤੀ ਪਹਿਰਾਵੇ ਵਿਚ ਹਜ਼ਾਰਾ ਅਤੇ ਫਾਰਸੀ ਲੋਕ ਸੰਗੀਤ ਦਾ ਪ੍ਰਦਰਸ਼ਨ ਕਰਦੀ ਹੈ। ਜੋ ਦਰਸ਼ਕਾਂ ਨੂੰ ਇੰਨਾ ਪਸੰਦ ਆਇਆ ਕਿ ਉਹ ਜੇਤੂ ਬਣ ਗਈ। ਸ਼ੋਅ ਵਿਚ ਜ਼ਾਹਰਾ ਦੇ ਜੇਤੂ ਬਣਨ ਦੇ ਬਾਅਦ ਪੂਰੀ ਦੁਨੀਆ ਵਿਚ ਉਸ ਦੀ ਤਾਰੀਫ ਕੀਤੀ ਜਾ ਰਹੀ ਹੈ। 

ਜ਼ਾਹਰਾ ਨੇ ਇਕ ਨਿੱਜੀ ਟੀਵੀ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ,''ਉਹ ਆਪਣੀ ਜਿੱਤ ਨਾਲ ਹੋਰ ਕੁੜੀਆਂ ਨੂੰ ਪ੍ਰੇਰਿਤ ਕਰੇਗੀ।'' ਉਸ ਨੇ ਕਿਹਾ,''ਮੈਨੂੰ ਖੁਦ 'ਤੇ ਮਾਣ ਹੈ ਪਰ ਉਸ ਸਮੇਂ ਮੁਕਾਬਲਾ ਜਿੱਤਣ ਵਾਲੀ ਪਹਿਲੀ ਮਹਿਲਾ ਬਣਨ 'ਤੇ ਹੈਰਾਨੀ ਵੀ ਹੋਈ।'' ਇਲਹਾਮ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਵਿਚ ਕੋਈ ਵੀ ਨਹੀਂ ਗਾਉਂਦਾ। ਉਹ ਯੂ-ਟਿਊਬ 'ਤੇ ਅਫਗਾਨ ਪੌਪ ਸਿੰਗਰ ਅਤੇ ਸੋਸ਼ਲ ਮੀਡੀਆ ਸਟਾਰ ਅਰਿਯਾਨਾ ਸਈਦ ਦੀ ਵੀਡੀਓ ਦੇਖ ਕੇ ਪ੍ਰੇਰਿਤ ਹੋਈ। 

ਉਸ ਨੇ ਦੱਸਿਆ ਕਿ ਉਹ ਇਕ ਅਜਿਹੇ ਦੇਸ਼ ਤੋਂ ਹੈ ਜਿੱਥੇ ਜਨਤਕ ਥਾਵਾਂ 'ਤੇ ਔਰਤਾਂ ਮੌਜੂਦ ਨਹੀਂ ਹੁੰਦੀਆਂ। ਉਹ ਕਹਿੰਦੀ ਹੈ,''ਹਾਂ ਮੇਰੀ ਆਵਾਜ਼ ਅਫਗਾਨਿਸਤਾਨ ਦੀਆਂ ਔਰਤਾਂ ਲਈ ਜ਼ਰੂਰੀ ਹੈ। ਹੋਰ ਕੁੜੀਆਂ ਨੂੰ ਹਿੰਮਤ ਕਰਨੀ ਹੋਵੇਗੀ ਅਤੇ ਗਾਣਾ ਹੋਵੇਗਾ। ਜਦੋਂ ਮੈਂ ਅਰਿਯਾਨਾ ਸਈਦ ਜਿਹੀ ਕੁੜੀ ਨੂੰ ਦੇਖਿਆ ਤਾਂ ਸੋਚਿਆ ਕਿ ਜੇਕਰ ਉਹ ਕਰ ਸਕਦੀ ਹੈ ਤਾਂ ਮੈਂ ਵੀ ਕਰ ਸਕਦੀ ਹਾਂ।'' ਇੱਥੇ ਦੱਸ ਦਈਏ ਕਿ ਅਮਰੀਕਾ ਵੀ ਲਗਾਤਾਰ ਤਾਲਿਬਾਨ ਨਾਲ ਗੱਲਬਾਤ ਦੀ ਕੋਸ਼ਿਸ਼ ਵਿਚ ਹੈ ਤਾਂ ਜੋ ਯੁੱਧ ਨੂੰ ਖਤਮ ਕੀਤਾ ਜਾ ਸਕੇ।

Vandana

This news is Content Editor Vandana