ਅਫਗਾਨਿਸਤਾਨ : 2017 'ਚ ਆਮ ਲੋਕਾਂ ਦੇ ਮਾਰੇ ਜਾਣ ਦੀ ਗਿਣਤੀ ਰਿਕਾਰਡ ਪੱਧਰ 'ਤੇ

02/15/2018 7:19:59 PM

ਕਾਬੁਲ— ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ 'ਚ ਵੀਰਵਾਰ ਨੂੰ ਕਿਹਾ ਗਿਆ ਕਿ ਸਾਲ 2017 'ਚ ਅਫਗਾਨਿਸਤਾਨ 'ਚ ਆਤਮਘਾਤੀ ਹਮਲਿਆਂ 'ਚ ਕਰੀਬ 2,300 ਆਮ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ। ਅਫਗਾਨਿਸਤਾਨ 'ਚ ਸੰਘਰਸ਼ ਦੇ ਸਮੇਂ 'ਚ ਕਦੇ ਇੰਨੀ ਵੱਡੀ ਗਿਣਤੀ 'ਚ ਲੋਕ ਨਹੀਂ ਮਾਰੇ ਗਏ।
ਇਹ ਅੰਕੜੇ ਅਜਿਹੇ ਵੇਲੇ 'ਚ ਸਾਹਮਣੇ ਆਏ ਹਨ, ਜਦੋਂ ਅੱਤਵਾਦੀਆਂ ਨੇ ਸ਼ਹਿਰੀ ਇਲਾਕਿਆਂ 'ਚ ਹਮਲੇ ਤੇਜ਼ ਕਰ ਦਿੱਤੇ ਹਨ। ਇਨ੍ਹਾਂ ਹਮਲਿਆਂ 'ਚ ਉਸ ਵੇਲੇ ਤੇਜ਼ੀ ਆਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਅਗਸਤ 'ਚ ਕਿਹਾ ਸੀ ਕਿ ਅਫਗਾਨਿਸਤਾਨ 'ਚ ਅਮਰੀਕਾ ਦੀ ਮੌਜੂਦਗੀ ਦੀ ਕੋਈ ਸਮਾਂ ਸੀਮਾ ਨਹੀਂ ਹੈ। ਇਸ ਤੋਂ ਬਾਅਦ ਵਾਸ਼ਿੰਗਟਨ ਨੇ ਪੇਂਡੂ ਇਲਾਕਿਆਂ 'ਚ ਅੱਤਵਾਦੀਆਂ ਦੇ ਅੱਡਿਆਂ 'ਤੇ ਹਵਾਈ ਹਮਲੇ ਤੇਜ਼ ਕਰ ਦਿੱਤੇ ਸਨ। ਪਰ ਤਾਲਿਬਾਨ ਤੇ ਇਸਲਾਮਿਕ ਸਟੇਟ ਸੰਗਠਨ ਜਿਵੇਂ-ਜਿਵੇਂ ਦਬਾਅ 'ਚ ਆ ਰਹੇ ਹਨ, ਉਨ੍ਹਾਂ ਨੇ ਸ਼ਹਿਰਾਂ 'ਚ ਹਮਲੇ ਤੇਜ਼ ਕਰ ਦਿੱਤੇ ਹਨ। ਨਤੀਜਤਨ, ਆਤਮਘਾਤੀ ਬੰਬਬਾਰੀ ਤੇ ਹਮਲਿਆਂ 'ਚ ਹਤਾਹਤ ਹੋਣ ਵਾਲਿਆਂ ਦੀ ਗਿਣਤੀ 'ਚ 17 ਫੀਸਦੀ ਵਾਧਾ ਹੋਇਆ ਹੈ।