ਸੈਰ-ਸਪਾਟਾ 13 : ਕਦੇ ਨਹੀਂ ਭੁੱਲੇਗਾ 'ਧਮਾਕੇ' ਦੌਰਾਨ ਤੈਅ ਕੀਤਾ ਅਫ਼ਗਾਨਿਸਤਾਨ ਤੋਂ ਉਜਬੇਕਿਤਾਨ ਦਾ ਸਫ਼ਰ (ਤਸਵੀਰਾਂ)

11/16/2020 12:04:39 PM

ਰਿਪਨਦੀਪ ਸਿੰਘ ਚਾਹਲ
ਖੁਸ਼ਮਨਪ੍ਰੀਤ ਕੌਰ
99150 07002

19 ਅਗਸਤ 2019 ਪਿਛਲੇ ਸਾਲ ਦਾ ਇਹ ਦਿਨ ਸਾਨੂੰ ਕਦੇ ਨਹੀਂ ਭੁੱਲਣਾ। ਅਸੀਂ ਅਫਗਾਨਾਂ ਦੀ ਰਾਜਧਾਨੀ ਕਾਬੁਲ ਦੇ ਦਾਰੁਲੇਮਾਨਾ ਰੋਡ ਉਤੇ ਰਹਿ ਰਹੇ ਸਾਂ। ਉਥੋਂ ਦੇ ਖੁਸ਼ਕ ਮੌਸਮ ਕਰਕੇ ਖੁਸ਼ੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੀਮਾਰ ਸੀ ਪਰ ਉਸਦਾ ਵੱਡਾ ਜੇਰਾ, ਬੀਮਾਰ ਹੋਣ ਦੇ ਬਾਵਜੂਦ ਵੀ ਉਹ ਮੇਰੇ ਨਾਲ ਤੁਰਦੀ ਫਿਰਦੀ ਰਹੀ। 19 ਅਗਸਤ ਦੀ ਰਾਤ ਸਿਹਤ ਠੀਕ ਨਾ ਹੋਣ ਕਰਕੇ ਉਹ ਜਲਦੀ ਸੌਂ ਗਈ ਅਤੇ ਮੈਂ ਉਸ ਦੇ ਕੋਲ ਬੈਠਾ ਕੱਪੜੇ ਸੰਭਾਲ ਰਿਹਾ ਸੀ। ਅਗਲੇ ਦੋ ਤਿੰਨ ਦਿਨਾਂ ਤੱਕ ਅਸੀਂ ਕਾਬੁਲ ਤੋਂ ਨਿਕਲਣ ਬਾਰੇ ਸੋਚ ਰਹੇ ਸੀ। ਅਚਾਨਕ ਹੀ ਬਹੁਤ ਜ਼ੋਰਦਾਰ ਧਮਾਕਾ ਹੋਇਆ ਤੇ ਉਚੀ-ਉਚੀ ਆਵਾਜ਼ਾਂ ਸੁਣਨ ਲੱਗੀਆਂ। ਪਤਾ ਲੱਗਾ ਸ਼ਹਿਰ ਵਿੱਚ ਬਲਾਸਟ ਹੋਇਆ ਸੀ।

ਆਲੇ-ਦੁਆਲੇ ਚੀਕ ਚਿਹਾੜਾ ਪੈਣਾ ਸ਼ੁਰੂ ਹੋਇਆ, ਖੁਸ਼ੀ ਉਠ ਖੜੀ ਹੋਈ ਅਤੇ ਰੋਣ ਲੱਗ ਪਈ। ਉਹ ਤਾਂ ਪਹਿਲਾਂ ਤੋਂ ਹੀ ਰੋਜ਼ ਦੇ ਘੁੰਮਦੇ ਹੈਲੀਕਾਪਟਰ ਅਤੇ ਗਸ਼ਤ ਕਰਦੀ ਫੌਜ ਤੋਂ ਪਰੇਸ਼ਾਨ ਸੀ। ਇਹ ਤਾਂ ਉਸ ਨਾਲ ਉਸ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਲਾ ਕੰਮ ਹੋ ਗਿਆ। ਅੱਖਾਂ ਭਰਕੇ ਮੈਨੂੰ ਕਹਿਣ ਲੱਗੀ ਰਿਪਨ, ਮੈਨੂੰ ਨੀ ਲੱਗਦਾ ਕਿ ਮੈਂ ਹੁਣ ਠੀਕ ਹੋਊਂਗੀ। ਜੇ ਮੈਨੂੰ ਕੁਝ ਹੋ ਗਿਆ ਤਾਂ ਮੈਨੂੰ ਪਿੰਡ ਲੈ ਜਾਵੀਂ। ਮੈਂ ਉਹਨੂੰ ਸਮਝਾਉਂਦੇ ਕਿਹਾ, ਕਮਲੀਆਂ ਗੱਲਾਂ ਨਾ ਕਰਿਆ ਕਰ ਆਪਾਂ ਕੱਲ੍ਹ ਹੀ ਇੱਥੋਂ ਨਿਕਲ ਜਾਵਾਂਗੇ, ਮੈਨੂੰ ਪਤਾ ਤੂੰ ਅੱਧਾ ਠੀਕ ਹੋ ਜਾਏਂਗੀ। ਜੋ ਮੈਂ ਉਸਨੂੰ ਉਥੇ ਸਮਝਿਆ, ਉਹ ਅਸਲ ਵਿੱਚ ਸਰੀਰ ਦੇ ਨਾਲ-ਨਾਲ ਮਾਨਸਿਕ ਤੌਰ ’ਤੇ ਵੀ ਬੀਮਾਰ ਸੀ ਕਿਉਂਕਿ ਇੱਕ ਦਿਨ ਪਹਿਲਾਂ ਹੀ ਸਾਡਾ ਕਿਸੇ ਅਫਗਾਨੀ ਨਾਲ ਫੋਟੋ ਖਿੱਚਣ ਪਿੱਛੇ ਝਗੜਾ ਹੋ ਗਿਆ ਸੀ। ਅਫਗਾਨਿਸਤਾਨ ਵਿੱਚ ਖੁਲ੍ਹੇਆਮ ਫੋਟੋ ਖਿੱਚਣ ਦੀ ਮਨਾਹੀ ਹੈ। ਮੈਂ ਖੁਸ਼ੀ ਨੂੰ ਦਵਾਈ ਦੇ ਕੇ ਸੌਂਆ ਦਿੱਤਾ ਤੇ ਆਪ ਸਵੇਰ ਦੀ ਟਿਕਟ ਦੇਖਣ ਵਿੱਚ ਰੁਝ ਗਿਆ।

ਅਫਗਾਨਿਸਤਾਨ ਤੋਂ ਬਾਅਦ ਅਸੀਂ ਉਜਬੇਕਿਸਤਾਨ ਜਾਣਾ ਸੀ, ਜਿਸਦਾ ਜ਼ਮੀਨੀ ਬਾਡਰ ਅਫਗਾਨਿਸਤਾਨ ਦੇ ਸ਼ਹਿਰ ਮਜ਼ਾਰ-ਏ-ਸ਼ਰੀਫ ਨਾਲ ਲੱਗਦਾ ਹੈ। ਕਾਬੁਲ ਤੋਂ ਮਜ਼ਾਰ ਸ਼ਹਿਰ ਦੀ ਦੂਰੀ ਲਗਭਗ ਤਿੰਨ-ਚਾਰ ਸੌ ਕਿਲੋਮੀਟਰ ਹੈ, ਜਿਸ ਲਈ ਸਾਨੂੰ ਘੱਟੋ-ਘੱਟ ਦਸ ਘੰਟੇ ਦਾ ਸਮਾਂ ਲੱਗਣਾ ਸੀ। ਬੱਸ ਜਾਂ ਕਾਰ ਰਾਹੀਂ ਹੁਣ ਜਾਣਾ ਅਸੰਭਵ ਸੀ ਕਿਉਂਕਿ ਇੱਕ ਤਾਂ ਮੈਨੂੰ ਉਸਦੀ ਸਿਹਤ ਦਾ ਫ਼ਿਕਰ ਸੀ ਅਤੇ ਉਪਰੋਂ ਬਹੁਤ ਸਾਰਾ ਰਸਤਾ ਤਾਲਿਬਾਨਾਂ ਦੀ ਅਧੀਨਗੀ ਹੇਠ ਪੈਣਾ ਸੀ, ਜਿਸ ਕਰਕੇ ਮੈਂ ਕੋਈ ਨਵੀਂ ਮੁਸੀਬਤ ਸਹੇੜਣਾ ਨਹੀਂ ਚਾਹੁੰਦਾ ਸੀ। ਮੈਂ ਫਟਾਫਟ ਜਹਾਜ਼ ਦੀ ਟਿਕਟ ਬੁੱਕ ਕਰਵਾਈ ਅਤੇ ਸਵੇਰੇ ਹੀ ਜਹਾਜ਼ ਫੜਨ ਦਾ ਫ਼ੈਸਲਾ ਲੈ ਲਿਆ। 20 ਅਗਸਤ ਦੀ ਸਵੇਰ ਇਹ ਹੋਰ ਵੀ ਬੀਮਾਰ ਹੋ ਗਈ, ਕਾਰ ਦੀ ਪਿਛਲੀ ਸੀਟ ’ਤੇ ਪਾ ਮੈਂ ਇਹਨੂੰ ਏਅਰਪੋਰਟ ਤੱਕ ਲਿਆਂਦਾ। ਮੈਂ ਇਹਨੂੰ ਠੀਕ ਰੱਖਣ ਲਈ ਵਾਰ-ਵਾਰ ਇਹਦੇ ਨਾਲ ਸ਼ਰਾਰਤਾਂ ਕਰਦਾ ਅਤੇ ਹਸਾਉਂਦਾ ਰਹਿੰਦਾ ਪਰ ਇਹ ਲਗਾਤਾਰ ਢਿੱਲੀ ਪੈ ਰਹੀ ਸੀ ਤੇ ਇਹਨੂੰ ਕੁਝ ਵੀ ਚੰਗਾ ਨਹੀਂ ਸੀ ਲੱਗਦਾ।

ਬੋਰਡਿੰਗ ਪਾਸ ਲਏ ਅਤੇ ਸੀਟਾਂ ਮੱਲ ਬੈਠ ਗਏ। ਜਹਾਜ਼ ਕਾਬੁਲ ਸ਼ਹਿਰ ਦੇ ਉਪਰ ਉਡਣ ਲੱਗਿਆ। ਥੱਲੇ ਖੜੇ ਅਮਰੀਕਾ ਅਤੇ ਯੂ.ਐੱਨ. ਦੇ ਜਹਾਜ਼ ਖਿਡੌਣਿਆਂ ਵਾਂਗ ਦਿਖਣ ਲੱਗੇ। ਮੈਂ ਅਸਮਾਨੋਂ ਆਖਰੀ ਵਾਰ ਸ਼ਹਿਰ ਉੱਤੇ ਪੰਛੀ ਝਾਤ ਮਾਰ ਰਿਹਾ ਸੀ। ਸ਼ਹਿਰ ਨੂੰ ਉਪਰੋਂ ਦੇਖ ਮੇਰਾ ਮਨ ਭਰ ਆਇਆ, ਜੋ ਦੇਸ਼ ਦਸ ਦਿਨ ਪਹਿਲਾਂ ਰੁੱਖਾ ਤੇ ਬੇਗਾਨਾ ਲਗਦਾ ਸੀ, ਉਸ ’ਚੋਂ ਹੁਣ ਆਪਣੇਪਣ ਦੀ ਮਹਿਕ ਆਉਣ ਲੱਗੀ। ਦਸ ਕੁ ਦਿਨਾਂ ਵਿੱਚ ਕਿੰਨੇ ਹੀ ਰਿਸ਼ਤੇ-ਨਾਤੇ ਇਸ ਸ਼ਹਿਰ ਨਾਲ ਜੁੜ ਗਏ ਸਨ। ਇਸ ਸ਼ਹਿਰ ਦੀਆਂ ਕਿੰਨੀਆਂ ਹੀ ਖੱਟੀਆਂ-ਮਿੱਠੀਆਂ ਯਾਦਾਂ ਮੇਰੇ ਕੋਲ ਸਨ, ਜੋ ਜ਼ਿੰਦਗੀ ਭਰ ਕਦੇ ਨਹੀਂ ਭੁੱਲਣੀਆਂ। ਵੱਡਾ ਗਮ ਮੈਨੂੰ ਇਸ ਗੱਲ ਦਾ ਸੀ ਕਿ ਪਤਾ ਨਹੀਂ ਜ਼ਿੰਦਗੀ ਭਰ ਮੁੜ ਇੱਥੇ ਆਉਣਾ ਜਾਂ ਨਹੀਂ। ਬਸ ਮੈਂ ਜਾਂਦਾ-ਜਾਂਦਾ ਇਸ ਸ਼ਹਿਰ ਲਈ ਦੁਆਵਾਂ ਹੀ ਮੰਗ ਸਕਦਾ ਸੀ, ਜੋ ਧੁਰ ਤੱਕ ਕਰਦਾ ਗਿਆ।

ਸਵਾ ਕੁ ਘੰਟੇ ਵਿੱਚ ਅਸੀਂ ਮਜ਼ਾਰ ਸ਼ਹਿਰ ਦੇ ਹਵਾਈ ਅੱਡੇ ’ਤੇ ਪਹੁੰਚ ਗਏ। ਖੁਸ਼ੀ ਦੀ ਸਿਹਤ ਹੋਰ ਵੀ ਵਿਗੜ ਗਈ ਤੇ ਸਾਨੂੰ ਇੱਕ ਕਲੀਨਕ ’ਤੇ ਜਾਣਾ ਪਿਆ। ਉਸਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਬਿਲਕੁਲ ਹੀ ਘੱਟ ਹੈ। ਦਾਖਿਲ ਹੋਣਾ ਪਏਗਾ ਤੇ ਇੱਕ ਦੋ ਦਿਨਾਂ ਵਿੱਚ ਠੀਕ ਹੋ ਜਾਏ। ਮੈਂ ਉਸਨੂੰ ਕਿਹਾ ਇਹਦਾ ਮੁੱਢਲਾ ਇਲਾਜ ਕਰੋ ਅਤੇ ਸਾਨੂੰ ਤੁਰਦੇ ਕਰੋ, ਅਸੀਂ ਅੱਜ ਹੀ ਉਜ਼ਬੇਕਿਸਤਾਨ ਪਹੁੰਚਣਾ ਹੈ, ਬਾਕੀ ਇਲਾਜ ਉਥੇ ਕਰਵਾ ਲਵਾਂਗੇ। ਉਹਨੇ ਦੋ ਬੋਤਲਾਂ ਗੁਲੂਕੋਜ਼ ਦੀਆਂ ਲਾਈਆਂ ਅਤੇ ਦਸ ਬਾਰਾਂ ਗੋਲੀਆਂ ਦੇ ਦਿੱਤੀਆਂ। ਸਾਡੇ ਲਈ ਇੱਕ ਟੈਕਸੀ ਬੁੱਕ ਕਰਵਾ ਦਿੱਤੀ ਤੇ ਅਸੀਂ ਬਾਡਰ ਲਈ ਨਿਕਲ ਪਏ। ਮਜ਼ਾਰ ਸ਼ਹਿਰ ਤੋਂ ਉਜ਼ਬੇਕਿਸਤਾਨ ਦਾ ਬਾਡਰ ਅੱਸੀ ਕੁ ਕਿਲੋਮੀਟਰ ਦੇ ਲਗਭਗ ਹੈ। ਅੱਸੀ ਕਿਲੋਮੀਟਰ ਦਾ ਇਹ ਸਫ਼ਰ ਵੀ ਅਸੀਂ ਸਾਹ ਘੁੱਟ-ਘੁੱਟ ਕੱਢਿਆ, ਕਿਉਂਕਿ ਇੱਕ ਤਾਂ ਇੱਧਰ ਕੋਈ ਵੀ ਬੱਸ ਕਾਰ ਨਹੀਂ ਚੱਲਦੀ ਤੇ ਦੂਜਾ ਇਸ ਇਲਾਕੇ ’ਤੇ ਤਾਲਿਬਾਨਾਂ ਦਾ ਦਬਦਬਾ ਰਹਿੰਦਾ ਹੈ। ਜਦ ਵੀ ਕੋਈ ਦੂਰ ਸੜਕ ’ਤੇ ਖੜੀ ਕਾਰ ਦੇਖ ਲੈਂਦੇ ਤਾਂ ਦਿਲ ਘਬਰਾਉਣ ਲੱਗ ਪੈਂਦਾ। ਜਦ ਨੇੜੇ ਜਾਂਦੇ ਤਾਂ ਉਹ ਖ਼ਰਾਬ ਜਾਂ ਪੈਂਚਰ ਹੁੰਦੀ। ਬਾਕੀ ਗੱਲਾਂ ਤਾਂ ਦੂਰ ਇਸ ਸੜਕ ’ਤੇ ਇੱਕ ਵੀ ਦੁਕਾਨ ਜਾਂ ਘਰ ਨਹੀਂ ਮਿਲਦਾ। ਲਗਭਗ ਇੱਕ ਘੰਟੇ ਵਿੱਚ ਅਸੀਂ ਬਾਡਰ ’ਤੇ ਪਹੁੰਚ ਗਏ।

ਅਫਗਾਨਿਸਤਾਨ ਤੇ ਉਜਬੇਕਿਤਾਨ ਵਿਚਕਾਰ ਸਿਰਫ ਇੱਕ ਦਰਿਆ ਦਾ ਫ਼ਾਸਲਾ ਹੈ। ਦਰਿਆ ਦੇ ਇੱਕ ਪਾਸੇ ਅਫਗਾਨਿਸਤਾਨ ਹੈ ਤੇ ਦੂਜੇ ਪਾਸੇ ਉਜਬੇਕਿਸਤਾਨ। ਦਰਿਆ ਉਪਰ ਬਣਿਆ ਪੁਲ ਕਿਸੇ ਵੀ ਦੇਸ਼ ਦੇ ਅਧੀਨ ਨਹੀਂ ਮਤਲਬ ਨੋ ਮੈਨਜ ਲੈਂਡ ਹੈ, ਪੁਲ ਦੇ ਦੋਵੇਂ ਸਿਰਿਆਂ ਤੇ ਦੋਵੇਂ ਦੇਸ਼ਾਂ ਦੇ ਫੌਜੀ ਖੜਦੇ ਹਨ। ਅਫਗਾਨ ਇੰਮੀਗਰੇਸ਼ਨ ਨੇ ਸਾਡੇ ਕਾਗਜ਼ ਚੈੱਕ ਕਰ ਬਾਹਰ ਜਾਣ ਦਾ ਠੱਪਾ ਮਾਰ ਦਿੱਤਾ। ਅਫਗਾਨੀ ਫੌਜ ਵਲੋਂ ਬੈਗਾਂ ਦੀ ਤਲਾਸ਼ੀ ਲਈ ਗਈ। ਸਾਨੂੰ ਅੱਗੇ ਜਾਣ ਦੇ ਦਿੱਤਾ ਗਿਆ। ਦੋਵੇਂ ਦੇਸ਼ਾਂ ਦੇ ਇੰਮੀਗਰੇਸ਼ਨਾਂ ਵਿਚਕਾਰ ਲਗਭਗ ਦੋ ਕਿਲੋਮੀਟਰ ਦਾ ਫਾਸਲਾ ਹੈ ਤੇ ਇਹ ਸਾਰਾ ਰਸਤਾ ਅਸੀਂ ਤੁਰਦੇ ਤੈਅ ਕਰਨਾ ਸੀ। ਅਫਗਾਨਿਸਤਾਨ ਵਾਲਾ ਪਾਸਾ ਤਾਂ ਤੁਰ ਕੇ ਪਾਰ ਕਰ ਲਿਆ। ਪੁਲ ਦੇ ਵਿਚਕਾਰ ਤੁਰਦੇ ਖੁਸ਼ੀ ਹੇਠਾਂ ਡਿੱਗ ਪਈ। ਉਜ਼ਬੇਕੀ ਫੌਜ ਨੇ ਲਾਊਡ ਸਪੀਕਰ ਵਿੱਚ ਕੁਝ ਬੋਲਿਆ ਪਰ ਜ਼ਿਆਦਾ ਦੂਰ ਹੋਣ ਕਰਕੇ ਸਾਡੇ ਕੰਨੀ ਨਾ ਪਿਆ ਤੇ ਉਪਰ ਦੀ ਲੰਘ ਗਿਆ। ਮੈਂ ਇੰਨਾ ਜਰੂਰ ਸਮਝ ਗਿਆ ਸੀ ਕਿ ਇਹ ਨੋ ਮੈਨ ਲੈਂਡ ਹੈ ਤੇ ਇੱਥੇ ਨਾ ਬੈਠਣ ਬਾਰੇ ਕਹਿ ਰਹੇ ਹੋਣਗੇ। ਮੈਂ ਪੁਲ ਦੇ ਵਿਚਕਾਰ ਖੜਾ ਹੋਇਆ ਤੇ ਦੋਵੇਂ ਹੱਥ ਉਪਰ ਕਰਕੇ ਮਦਦ ਦਾ ਇਸ਼ਾਰਾ ਕੀਤਾ। ਦੋ ਕੁ ਮਿੰਟ ਬਾਅਦ ਦੀ ਉਜਬੇਕੀ ਫੌਜੀ ਸਾਡੇ ਵੱਲ ਦੌੜ ਪਏ।

ਕੋਲ ਪਹੁੰਚੇ ਤਾਂ ਮੈਂ ਦੱਸਿਆ ਅਸੀਂ ਇੰਡੀਆ ਤੋਂ ਹਾਂ ਤੇ ਬਾਏ ਰੋਡ ਰੂਸ ਜਾ ਰਹੇ ਹਾਂ। ਅਸੀਂ ਪਿਛਲੇ ਕਈ ਦਿਨਾਂ ਤੋਂ ਅਫਗਾਨਿਸਤਾਨ ਵਿੱਚ ਸੀ ਤੇ ਉਥੋਂ ਦੇ ਹਾਲਾਤਾਂ ਕਰਕੇ ਬਸ ਇਹ ਥੋੜਾ ਡਰੀ ਹੋਈ ਹੈ, ਇਸ ਕਰਕੇ ਬੀਮਾਰ ਹੈ। ਉਸ ਫੌਜੀ ਨੇ ਸਾਡੇ ਬੈਗ ਚੱਕ ਸਾਨੂੰ ਸਰਹੱਦ ਪਾਰ ਕਰਵਾਈ ਤੇ ਖੁਸ਼ੀ ਨੂੰ ਦਿਲਾਸਾ ਦਿੰਦੇ ਕਿਹਾ,

Hey don’t worry,
Now you’re in safe hands,
Welcome to Uzbekistan 🇺🇿

rajwinder kaur

This news is Content Editor rajwinder kaur