ਹੁਣ ਕਾਬੁਲ 'ਚ ਵੀ ਖਤਰਨਾਕ ਪੱਧਰ 'ਤੇ ਪਹੁੰਚਿਆ ਹਵਾ ਪ੍ਰਦੂਸ਼ਣ

01/21/2019 12:57:18 PM

ਕਾਬੁਲ (ਭਾਸ਼ਾ)— ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਲੋਕ ਲੰਬੇਂ ਸਮੇਂ ਤੋਂ ਆਤਮਘਾਤੀ ਹਮਲਿਆਂ ਅਤੇ ਬੰਬ ਧਮਾਕਿਆਂ ਦਾ ਦਰਦ ਸਹਿਣ ਕਰ ਰਹੇ ਹਨ। ਪਰ ਇਸ ਵਾਰ ਸਰਦੀਆਂ ਵਿਚ ਉਨ੍ਹਾਂ ਨੂੰ ਹਵਾ ਪ੍ਰਦੂਸ਼ਣ ਦੇ ਰੂਪ ਵਿਚ ਇਕ ਹੋਰ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸ਼ਹਿਰ ਕਈ ਹਫਤਿਆਂ ਤੋਂ ਜ਼ਹਿਹੀਲੀ ਧੁੰਦ ਦੀ ਚਪੇਟ ਵਿਚ ਹੈ। ਠੰਡ ਤੋਂ ਬਚਣ ਲਈ ਲੋਕਾਂ ਕੋਲਾ, ਲੱਕੜ, ਕਾਰ ਟਾਇਰ ਅਤੇ ਇੱਥੋਂ ਤੱਕ ਕਿ ਕੂੜਾ ਸਾੜ ਰਹੇ ਹਨ, ਜਿਸ ਨਾਲ ਨਿਕਲ ਰਹੇ ਪ੍ਰਦੂਸ਼ਕ ਤੱਤਾਂ ਦੀ ਮਾਤਰਾ ਹਵਾ ਵਿਚ ਤੇਜ਼ੀ ਨਾਲ ਵੱਧ ਰਹੀ ਹੈ। ਸਵੇਰੇ-ਸ਼ਾਮ ਨੂੰ ਤਾਪਮਾਨ ਜ਼ੀਰੋ ਤੋਂ ਹੇਠਾਂ ਚਲੇ ਜਾਣ ਕਾਰਨ ਇਸ ਦੌਰਾਨ ਪ੍ਰਦੂਸ਼ਣ ਸਿਖਰ 'ਤੇ ਪਹੁੰਚ ਜਾਂਦਾ ਹੈ। 

ਸਲਫੇਟ ਅਤੇ ਬਲੈਕ ਕਾਰਬਨ ਜਿਹੇ ਜ਼ਹਿਰੀਲੇ ਪਦਾਰਥਾਂ ਦੇ ਨਾਲ ਹੋਰ ਖਤਰਨਾਕ ਬਹੁਤ ਛੋਟੇ ਕਣ ਹਵਾ ਵਿਚ ਮੋਟੀ ਚਾਦਰ ਦਾ ਰੂਪ ਲੈ ਚੁੱਕੇ ਹਨ। ਜਿਸ ਨਾਲ ਵਿਜ਼ੈਬਿਲਟੀ ਘੱਟ ਗਈ ਹੈ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਮੁਸ਼ਕਲ ਹੋ ਰਹੀ ਹੈ। ਸ਼ਹਿਰ ਦੇ ਲੋਕ ਹਵਾ ਦੇ ਬਦਤਰ ਹੋਣ ਦੀ ਸ਼ਿਕਾਇਤ ਕਰ ਰਹੇ ਹਨ। ਉਹ ਡਾਕਟਰ ਵੀ ਇਸ ਗੱਲ ਨਾਲ ਸਹਿਮਤ ਹਨ, ਜਿਨ੍ਹਾਂ ਨੇ ਸਾਹ ਸਬੰਧੀ ਬੀਮਾਰੀਆਂ ਦੇ ਅਚਾਨਕ ਵੱਧ ਜਾਣ ਦੀ ਗੱਲ ਮੰਨੀ ਹੈ। ਕਾਬੁਲ ਦੇ ਇੰਦਰਾ ਗਾਂਧੀ ਬਾਲ ਹਸਪਤਾਲ ਦੇ ਆਈ.ਸੀ.ਯੂ. ਦੇ ਡਾਕਟਰ ਇਕਬਾਲ ਨੇ ਦੱਸਿਆ,''ਬੀਤੇ ਕੁਝ ਸਾਲਾਂ ਵਿਚ ਸਾਡੇ 30 ਤੋਂ 40 ਫੀਸਦੀ ਮਰੀਜ਼ ਖਤਰਨਾਕ ਸਾਹ ਸਬੰਧੀ ਇਨਫੈਕਸ਼ਨ ਨਾਲ ਪੀੜਤ ਰਹੇ ਹਨ ਪਰ ਇਸ ਸਾਲ ਇਹ ਅੰਕੜਾ 70 ਤੋਂ 80 ਫੀਸਦੀ ਤੱਕ ਪਹੁੰਚ ਗਿਆ ਹੈ।'' ਕੌਮੀ ਵਾਤਾਵਰਨ ਸੁਰੱਖਿਆ ਏਜੰਸੀ (ਐੱਨ.ਈ.ਪੀ.ਏ.) ਦੇ ਸਾਬਕਾ ਅਧਿਕਾਰੀ ਨੇ ਇਸ ਸਰਦੀ ਦੇ ਪ੍ਰਦੂਸ਼ਣ ਨੂੰ ਜਾਨਲੇਵਾ ਦੱਸਿਆ ਹੈ।

Vandana

This news is Content Editor Vandana