ਤਾਲਿਬਾਨ ਵਿਰੋਧੀ ਹਮਲੇ 'ਚ 40 ਨਾਗਰਿਕਾਂ ਦੀ ਮੌਤ

09/23/2019 5:09:16 PM

ਕਾਬੁਲ (ਭਾਸ਼ਾ)— ਅਫਗਾਨ ਵਿਸ਼ੇਸ਼ ਬੱਲ ਵੱਲੋਂ ਸੋਮਵਾਰ ਨੂੰ ਦੱਖਣੀ ਹੇਲਮੰਦ ਸੂਬੇ ਵਿਚ ਤਾਲਿਬਾਨ ਦੇ ਟਿਕਾਣਿਆਂ 'ਤੇ ਕੀਤੇ ਗਏ ਹਮਲਿਆਂ ਵਿਚ ਘੱਟੋ-ਘੱਟ 40 ਨਾਗਰਿਕ ਮਾਰੇ ਗਏ। ਸੂਬਾਈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸੂਬਾਈ ਕੌਂਸਲਰ ਅਬਦੁੱਲ ਮਾਜਿਦ ਅਖੁੰਦ ਨੇ ਦੱਸਿਆ ਕਿ ਸ਼ੁਰੂਆਤੀ ਖਬਰਾਂ ਤੋਂ ਪਤਾ ਚੱਲਦਾ ਹੈ ਕਿ 40 ਨਾਗਰਿਕ ਮਾਰੇ ਗਏ ਹਨ ਪਰ ਇਹ ਅੰਕੜਾ ਵੱਧ ਸਕਦਾ ਹੈ। ਸੂਬਾਈ ਪਰੀਸ਼ਦ ਦੇ ਪ੍ਰਮੁੱਖ ਅਤਾਉੱਲਾ ਅਫਗਾਨ ਨੇ ਕਿਹਾ ਕਿ ਮਰਨ ਵਾਲਿਆਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ, ਜੋ ਮੂਸਾ ਕਾਲਾ ਜ਼ਿਲੇ ਵਿਚ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਏ ਸਨ। 

ਉਨ੍ਹਾਂ ਨੇ ਦੱਸਿਆ ਕਿ 12 ਹੋਰ ਲੋਕ ਜ਼ਖਮੀ ਹੋਏ ਹਨ। ਅਫਗਾਨ ਮੁਤਾਬਕ ਮੂਸਾ ਕਾਲਾ ਦੇ ਵਿਭਿੰਨ ਇਲਾਕਿਆਂ ਵਿਚ ਦੋ ਵੱਖ-ਵੱਖ ਹਮਲੇ ਕੀਤੇ ਗਏ। ਜਾਣਕਾਰੀ ਮੁਤਾਬਕ ਪਹਿਲੀ ਮੁਹਿੰਮ ਵਿਚ 6 ਵਿਦੇਸ਼ੀ ਲੜਾਕੇ ਮਾਰੇ ਗਏ ਜਦਕਿ ਦੂਜਾ ਹਮਲਾ ਨਿਸ਼ਾਨੇ ਤੋਂ ਖੁੰਝ ਗਿਆ ਅਤੇ ਗਲਤੀ ਨਾਲ ਨਾਗਰਿਕ ਮਾਰੇ ਗਏ। ਅਖੁੰਦ ਨੇ ਕਿਹਾ ਕਿ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ। ਸੂਬਾਈ ਗਵਰਨਰ ਦੇ ਬੁਲਾਰੇ ਨੇ ਦੱਸਿਆ ਕਿ ਛਾਪੇ ਦੌਰਾਨ 14 ਬਾਗੀ ਮਾਰੇ ਗਏ, ਜਿਨ੍ਹਾਂ ਵਿਚ 6 ਵਿਦੇਸ਼ੀ ਹਨ।

Vandana

This news is Content Editor Vandana