ਅਫਗਾਨਿਸਤਾਨ ''ਚ ਭਾਰਤੀ ਡਿਪਲੋਮੈਟ ਮਿਸ਼ਨ ਤੇ ਦਫਤਰ ਹਾਈ ਐਲਰਟ ''ਤੇ

07/07/2019 3:38:18 PM

ਕਾਬੁਲ (ਬਿਊਰੋ)— ਇਕ ਖੁਫੀਆ ਜਾਣਕਾਰੀ ਮੁਤਾਬਕ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ (ਜੇ.ਈ.ਐੱਮ.) ਅਤੇ ਲਸ਼ਕਰ-ਏ-ਤੋਇਬਾ (ਐੱਲ.ਈ.ਟੀ.) ਦੇ ਕਾਡਰ ਭਾਰਤ-ਪਾਕਿਸਤਾਨ ਸਰਹੱਦ ਨੂੰ ਛੱਡ ਕੇ ਅਫਗਾਨਿਸਤਾਨ ਸੀਮਾ ਵਿਚ ਸ਼ਿਫਟ ਹੋ ਗਏ ਹਨ। ਇਸ ਕਾਰਨ ਭਾਰਤ ਦੇ ਡਿਪਲੋਮੈਟਿਕ ਮਿਸ਼ਨ ਅਤੇ ਦਫਤਰਾਂ ਨੂੰ ਹਾਈ ਐਲਰਟ 'ਤੇ ਰੱਖਿਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਉਕਤ ਅੱਤਵਾਦੀ ਸੰਗਠਨ ਇਨ੍ਹਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। 

ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਪਾਕਿਸਤਾਨ ਦੇ ਅੱਤਵਾਦੀ ਅਫਗਾਨਿਸਤਾਨ ਦੇ ਸੂਬੇ ਕੁਨਾਰ, ਨਨਗਰਹਾਰ, ਨੂਰੀਸਤਾਨ ਅਤੇ ਕੰਧਾਰ ਵਿਚ ਸ਼ਿਫਟ ਹੋ ਗਏ ਹਨ। ਇਹ ਕਦਮ ਉਨ੍ਹਾਂ ਨੇ ਭਾਰਤੀ ਹਵਾਈ ਫੌਜ ਵੱਲੋਂ ਬਾਲਾਕੋਟ ਅੱਤਵਾਦੀ ਕੈਂਪ ਵਿਚ ਕੀਤੀ ਗਈ ਏਅਰਸਟ੍ਰਾਈਕ ਦੇ ਬਾਅਦ ਚੁੱਕਿਆ ਹੈ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਡੂਰੰਡ ਰੇਖਾ ਦੇ ਪਾਰ ਪਾਕਿਸਤਾਨੀ ਅੱਤਵਾਦੀਆਂ ਨੇ ਅਫਗਾਨ-ਤਾਲਿਬਾਨ ਅਤੇ ਅਫਗਾਨ ਬਾਗੀ ਸੰਗਠਨ ਹੱਕਾਨੀ ਨੈੱਟਵਰਕ ਨਾਲ ਹੱਥ ਮਿਲਾ ਲਿਆ ਹੈ। ਇਹ ਰੇਖਾ ਅਫਗਾਨਿਸਤਾਨ ਨੂੰ ਪਾਕਿਸਤਾਨ ਤੋਂ ਵੱਖ ਕਰਦੀ ਹੈ। 

ਇੱਥੇ ਇਨ੍ਹਾਂ ਦੇ ਅੱਤਵਾਦੀ ਕਾਡਰ ਨੂੰ ਵਿਨਾਸ਼ਕ ਗਤੀਵਿਧੀਆਂ ਦੀ ਸਿਖਲਾਈ ਦਿੱਤੀ ਜਾਂਦੀ ਹੈ। ਭਾਰਤੀ ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਅੱਤਵਾਦੀ ਕਾਡਰ ਡੂਰੰਡ ਲਾਈਨ ਦੇ ਪਾਰ ਸ਼ਿਫਟ ਹੋ ਗਏ ਹਨ। ਜਿਸ ਨਾਲ ਇਸ ਸਾਲ ਦੇ ਅਖੀਰ ਵਿਚ ਪੈਰਿਸ ਸੰਮੇਲਨ ਵਿਚ ਵਿੱਤੀ ਕਾਰਵਾਈ ਟਾਸਕ ਫੋਰਸ (ਐੱਫ.ਏ.ਟੀ.ਐੱਫ.) ਪਾਕਿਸਤਾਨ ਨੂੰ ਬਲੈਕਲਿਸਟ ਨਾ ਕਰ ਸਕੇ। ਵਿਦੇਸ਼ ਮੰਤਰਾਲੇ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੈਸ਼ ਕਾਡਰਾਂ ਦੀ ਬਹੁਤ ਵੱਡੀ ਗਿਣਤੀ ਅਫਗਾਸਿਤਾਨ ਸੂਬੇ ਵਿਚ  ਕੋਟ ਅਤੇ ਮੋਮਨਦਰ (ਨਨਗਰਹਾਰ), ਸੰਗੁਈ ਅਤੇ ਮਰਜਾ (ਹੇਲਮੰਦ), ਲੋਗਾਨ ਅਤੇ ਨਾਵਾ (ਗਜ਼ਨੀ), ਜੁਰਮਟ (ਪਕਟੀਆ), ਕੁਨਾਰ, ਫਾਰਿਯਾਬ ਅਤੇ ਕੁੰਡੂਜ ਵਿਚ ਸ਼ਿਫਟ ਹੋ ਗਈ ਹੈ। ਇਨ੍ਹਾਂ ਨੇ ਤਾਲਿਬਾਨ ਅੱਤਵਾਦੀਆਂ ਨਾਲ ਹੱਥ ਮਿਲਾ ਲਿਆ ਹੈ।

Vandana

This news is Content Editor Vandana