ਖਸਤਾਹਾਲ ਪਾਕਿ ਨੂੰ ਵੱਡੀ ਰਾਹਤ, ਅਰਥਵਿਵਸਥਾ ਨੂੰ ਸੁਧਾਰਣ ਲਈ ਮਿਲਿਆ ADB ਦਾ ਸਹਾਰਾ

12/06/2019 4:29:27 PM

ਮਨੀਲਾ- ਕੰਗਾਲੀ ਨਾਲ ਜੂਝ ਰਹੇ ਪਾਕਿਸਤਾਨ ਨੂੰ ਹੁਣ ਏਸ਼ੀਆਈ ਵਿਕਾਸ ਬੈਂਕ ਦਾ ਸਹਾਰਾ ਮਿਲਿਆ ਹੈ। ਏ.ਡੀ.ਬੀ. ਨੇ ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਉਭਰਣ ਲਈ ਇਕ ਅਰਬ ਡਾਲਰ (ਕਰੀਬ 7100 ਕਰੋੜ ਰੁਪਏ) ਦਾ ਐਮਰਜੰਸੀ ਕਰਜ਼ਾ ਦੇਣ 'ਤੇ ਸ਼ੁੱਕਰਵਾਰ ਨੂੰ ਆਪਣੀ ਮੁਹਰ ਲਗਾ ਦਿੱਤੀ ਹੈ।

ਪਾਕਿਸਤਾਨ ਇਸ ਤੋਂ ਪਹਿਲਾਂ ਚੀਨ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਜਿਹੇ ਆਪਣੇ ਦੋਸਤ ਦੇਸ਼ਾਂ ਦੇ ਨਾਲ-ਨਾਲ ਹੀ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਤੋਂ ਵੀ ਕਰਜ਼ਾ ਲੈ ਚੁੱਕਾ ਹੈ। ਏ.ਡੀ.ਬੀ. ਦੇ ਮੁਤਾਬਕ ਇਹ ਕਰਜ਼ਾ ਪਾਕਿਸਤਾਨ ਦੀ ਅਰਥਵਿਵਸਥਾ ਨੂੰ ਸਥਿਰ ਕਰਨ ਲਈ ਆਈ.ਐਮ.ਐਫ. ਦੇ ਆਰਥਿਕ ਸੁਧਾਰ ਪ੍ਰੋਗਰਾਮ ਦਾ ਹਿੱਸਾ ਹੈ।

ਪਾਕਿਸਤਾਨ ਸਰਕਾਰ ਵਲੋਂ ਆਈ.ਐਮ.ਐਫ. ਸਮਥਿਤ ਸੁਧਾਰਾਂ ਨੂੰ ਲਾਗੂ ਕੀਤੇ ਜਾਣ ਤੋਂ ਬਾਅਦ ਕਰਜ਼ਾ ਮਨਜ਼ੂਰ ਕੀਤਾ ਗਿਆ ਹੈ। ਪਾਕਿਸਤਾਨ ਕਮਜ਼ੋਰ ਵਿਕਾਸ ਦਰ ਦੇ ਨਾਲ ਹੀ ਭੁਗਤਾਨ ਵਿਚ ਵੱਡੇ ਅੰਤਰ ਤੇ ਵਿਦੇਸ਼ੀ ਮੁਦਰਾ ਭੰਡਾਰ ਦੇ ਕਾਰਨ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਏ.ਡੀ.ਬੀ. ਦੇ ਮੱਧ ਤੇ ਪੱਛਮੀ ਏਸ਼ੀਆਈ ਮਾਮਲਿਆਂ ਦੇ ਜਨਰਲ ਸਕੱਤਰ ਵਾਰਨਰ ਲੀਪੇਚ ਨੇ ਕਿਹਾ ਕਿ ਇਸ ਰਾਸ਼ੀ ਨਾਲ ਪਾਕਿਸਤਾਨ ਦੀ ਸਰਕਾਰ ਨੂੰ ਅਨੁਕੂਲ ਸਮਾਜਿਕ ਤੇ ਆਰਥਿਕ ਪ੍ਰਭਾਵਾਂ ਨੂੰ ਰੋਕਣ ਦੇ ਲਈ ਜ਼ਰੂਰੀ ਐਮਰਜੰਸੀ ਪੂੰਜੀ ਇਕੱਠੀ ਕਰਨ ਵਿਚ ਮਦਦ ਮਿਲੇਗੀ।

ਆਈ.ਐਮ.ਐਫ. ਤੋ ਮਿਲਿਆ 6 ਅਰਬ ਡਾਲਰ ਦਾ ਕਰਜ਼ਾ
ਪਾਕਿਸਤਾਨ ਨੂੰ ਆਈ.ਐਮ.ਐਫ. ਨੇ ਇਸ ਸਾਲ ਜੁਲਾਈ ਵਿਚ 6 ਅਰਬ ਡਾਲਰ (ਕਰੀਬ 42 ਹਜ਼ਾਰ ਕਰੋੜ ਰੁਪਏ) ਦਾ ਕਰਜ਼ਾ ਮਨਜ਼ੂਰ ਕੀਤਾ ਸੀ। ਇਸ ਤੋਂ ਇਲਾਵਾ ਪਾਕਿਸਤਾਨ ਚੀਨ, ਸਾਊਦੀ ਅਰਬ ਤੇ ਸੰਯੁਕਤ ਅਰਬ ਅਮੀਰਾਤ ਤੋਂ ਵੀ ਅਰਬਾਂ ਰੁਪਏ ਦਾ ਆਰਥਿਕ ਪੈਕੇਜ ਲੈ ਚੁੱਕਾ ਹੈ।

Baljit Singh

This news is Content Editor Baljit Singh