ਨਵੀਂ ਤਕਨੀਕ ਦੀ ਮਦਦ ਨਾਲ ਹੜ੍ਹ ਆਉਣ ਤੋਂ ਪਹਿਲਾਂ ਮਿਲੇਗੀ ਸਟੀਕ ਜਾਣਕਾਰੀ

07/17/2019 11:49:59 AM

ਵਾਸ਼ਿੰਗਟਨ— ਵਿਗਿਆਨੀਆਂ ਨੇ ਇਕ ਅਜਿਹਾ ਨਵਾਂ ਮਾਡਲ ਵਿਕਸਿਤ ਕੀਤਾ ਹੈ, ਜੋ ਹੜ੍ਹ ਆਉਣ ਦੇ ਸਮੇਂ ਦੀ ਸਟੀਕ ਜਾਣਕਾਰੀ ਪਤਾ ਲਗਾ ਸਕਦਾ ਹੈ। ਇਸ ਮਾਡਲ ਨੂੰ ਬਣਾਉਣ ਵਾਲੇ ਵਿਗਿਆਨੀਆਂ ਦੀ ਟੀਮ 'ਚ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਸਨ।

ਅਮਰੀਕਾ 'ਚ 'ਦਿ ਸਿਟੀ ਕਾਲਜ ਆਫ ਨਿਊਯਾਰਕ' ਦੇ ਨਾਸਿਰ ਨਜੀਬ ਅਤੇ ਨਰੇਸ਼ ਦੇਵੀਨੇਨੀ ਨੇ ਮਿਲ ਕੇ ਇਸ ਮਾਡਲ ਨੂੰ ਵਿਕਸਿਤ ਕੀਤਾ ਹੈ। ਨਜੀਬ ਨੇ ਕਿਹਾ ਕਿ ਸਾਧਾਰਣ ਤੌਰ 'ਤੇ ਮੀਂਹ ਪੈਣ ਦੇ ਬਾਅਦ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਲੱਗਦਾ ਹੈ। ਜੇਕਰ ਮੀਂਹ ਨਹੀਂ ਰੁਕਦਾ ਤਾਂ ਮੈਦਾਨੀ ਇਲਾਕਿਆਂ 'ਚ ਹੜ੍ਹ ਦਾ ਖਤਰਾ ਮੰਡਰਾਉਣ ਲੱਗਦਾ ਹੈ ਪਰ ਹੜ੍ਹ ਕਿੰਨਾ ਕੁ ਭਿਆਨਕ ਹੋਵੇਗਾ, ਇਸ ਬਾਰੇ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਲ ਹੈ। ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਰਾਤੋਂ-ਰਾਤ ਕਈ ਵਰਗ ਕਿਲੋਮੀਟਰ ਦਾ ਖੇਤਰ ਪਾਣੀ 'ਚ ਡੁੱਬ ਜਾਂਦਾ ਹੈ ਅਤੇ ਲੋਕ ਘਰਾਂ 'ਚ ਹੀ ਕੈਦ ਹੋਣ ਨੂੰ ਮਜਬੂਰ ਹੋ ਜਾਂਦੇ ਹਨ। ਮਾਹਿਰਾਂ ਮੁਤਾਬਕ ਵਾਯੂਮੰਡਲ ਅਤੇ ਭੂਮੀ ਦੀ ਸਤ੍ਹਾ ਦੀ ਸਥਿਤੀ ਦੇ ਆਧਾਰ 'ਤੇ ਹੁਣ ਨਵੇਂ ਮਾਡਲ ਰਾਹੀਂ ਹੜ੍ਹ ਦੀ ਭਵਿੱਖਬਾਣੀ ਕਰਨਾ ਸੰਭਵ ਹੋਵੇਗਾ। ਇਸ ਤਰ੍ਹਾਂ ਹੜ੍ਹ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ।

ਖੋਜਕਾਰਾਂ ਨੇ ਦੱਸਿਆ ਕਿ ਹੜ੍ਹ ਦੀ ਤੀਬਰਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਨਦੀਆਂ 'ਚ ਪਾਣੀ ਦਾ ਪੱਧਰ ਅਤੇ ਪਾਣੀ ਦਾ ਪ੍ਰਵਾਹ ਕਿੰਨਾ ਹੈ। ਨਦੀਆਂ ਦੇ ਲੈਵਲ ਵਧਣ ਦਾ ਖਤਰਾ ਤਦ ਹੀ ਵਧੇਰੇ ਹੁੰਦਾ ਹੈ ਜੇਕਰ ਲੰਬੇ ਸਮੇਂ ਤੋਂ ਮੀਂਹ ਪੈਂਦਾ ਰਹੇ। ਐੱਨ. ਪੀ. ਜੇ. ਕਲਾਈਮੇਟ ਐਂਡ ਐਟਮੋਸਫਿਅਰਿਕ ਸਾਇੰਸ ਨਾਮਕ ਰਸਾਲੇ 'ਚ ਪ੍ਰਕਾਸ਼ਿਤ ਇਸ ਅਧਿਐਨ 'ਚ ਦੱਸਿਆ ਗਿਆ ਕਿ ਜਦ ਵਾਯੂਮੰਡਲ 'ਚ ਘੱਟ ਦਾਬ ਰਹਿੰਦਾ ਹੈ ਅਤੇ ਬੱਦਲ ਲਗਾਤਾਰ ਵਰ੍ਹਦੇ ਰਹੇ ਹੋਣ ਤਾਂ ਹੜ੍ਹ ਆਉਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ ਪਰ ਨਵੇਂ ਮਾਡਲ ਨਾਲ ਹੜ੍ਹ ਕਾਰਨ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕਦਾ ਹੈ।