ਬ੍ਰਾਜ਼ੀਲ: ਕੋਰੋਨਾਵਾਇਰਸ ਕਾਰਨ ਲਾਕਡਾਊਨ ਤੋਂ ਪਹਿਲਾਂ ਜੇਲਾਂ ''ਚੋਂ ਭੱਜੇ ਸੈਂਕੜੇ ਕੈਦੀ

03/17/2020 4:17:40 PM

ਰੀਓ ਡੀ ਜੇਨੇਰੀਓ- ਬ੍ਰਾਜ਼ੀਲ ਦੀਆਂ ਚਾਰ ਜੇਲਾਂ ਤੋੜਕੇ ਸੈਂਕੜੇ ਕੈਦੀ ਸੋਮਵਾਰ ਨੂੰ ਫਰਾਰ ਹੋ ਗਏ ਹਨ। ਸਾਓ ਪਾਓਲੋ ਸੂਬੇ ਦੇ ਜੇਲ ਅਧਿਕਾਰੀਆਂ ਨੇ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਹਾਲਾਂਕਿ ਸਾਓ ਪਾਓਲੋ ਸੂਬੇ ਦੇ ਜੇਲ ਵਿਭਾਗ ਨੇ ਕਿਹਾ ਕਿ ਅਜੇ ਤੱਕ ਇਹ ਨਹੀਂ ਦੱਸਿਆ ਜਾ ਸਕਦਾ ਕਿ ਕੁੱਲ ਕਿੰਨੇਂ ਕੈਦੀ ਭੱਜ ਗਏ ਕਿਉਂਕਿ ਅਜੇ ਵੀ ਭਗੌੜੇ ਕੈਦੀਆਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ।

ਸਥਾਨਕ ਮੀਡੀਆ ਨੇ ਦੱਸਿਆ ਕਿ ਲਾਕਡਾਊਨ ਤੋਂ ਪਹਿਲਾਂ ਮੋਂਗਾਗੁਆ, ਟ੍ਰੇਮੇਂਬੇ, ਪੋਰਟੋ ਫੇਲਿਜ ਤੇ ਮਿਰਾਂਡੋਪੋਲਿਸ ਦੀਆਂ ਚਾਰ ਜੇਲਾਂ ਵਿਚੋਂ 1000 ਤੋਂ ਵਧੇਰੇ ਕੈਦੀ ਭੱਜ ਗਏ ਹਨ। ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਿਚ ਕੈਦੀਆਂ ਦੀ ਲੰਬੀ ਲਾਈਨ ਨੂੰ ਕਥਿਤ ਤੌਰ 'ਤੇ ਜੇਲ ਵਿਚੋਂ ਭੱਜਦਿਆਂ ਦਿਖਾਇਆ ਗਿਆ ਹੈ। ਹਾਲਾਂਕਿ ਵੀਡੀਓ ਦੀ ਅਸਲੀਅਤ ਬਾਰੇ ਅਜੇ ਪੁਸ਼ਟੀ ਨਹੀਂ ਹੋ ਸਕੀ ਹੈ। ਸਾਓ ਪਾਓਲੋ ਸੂਬਾ ਜੇਲ ਵਿਭਾਗ ਨੇ ਕਿਹਾ ਕਿ ਕੈਦੀਆਂ ਦੀ ਦਿਨ ਵਿਚ ਰਿਹਾਈ ਨੂੰ ਬੰਦ ਕਰਨ ਤੋਂ ਇਕ ਦਿਨ ਪਹਿਲਾਂ ਕੈਦੀ ਜੇਲ ਤੋੜਕੇ ਭੱਜ ਨਿਕਲੇ।

ਜੇਲ ਮੰਤਰਾਲਾ ਨੇ ਕਿਹਾ ਕਿ ਕੈਦੀਆਂ ਨੂੰ ਦਿਨ ਵਿਚ ਬਾਹਰ ਕੱਢਣ ਤੋਂ ਰੋਕਣਾ ਜ਼ਰੂਰੀ ਸੀ ਕਿਉਂਕਿ 34 ਹਜ਼ਾਰ ਆਪਰਾਧੀ ਜੇਲ ਵਿਚ ਪਰਤ ਰਹੇ ਹੋਣਗੇ ਤੇ ਵੱਡੀ ਗਿਣਤੀ ਵਿਚ ਕੋਰੋਨਾਵਾਇਰਸ ਫੈਲਣ ਦਾ ਖਦਸ਼ਾ ਜ਼ਿਆਦਾ ਹੋਵੇਗਾ। ਇਹ ਬੀਮਾਰ ਮਰੀਜ਼ਾਂ ਤੇ ਉਹਨਾਂ ਦੀ ਦੇਖ-ਭਾਲ ਕਰਨ ਵਾਲਿਆਂ ਦੋਵਾਂ ਲੋਕਾਂ ਦੇ ਲਈ ਸਿਹਤ ਜੋਖਿਮ ਪੈਦਾ ਕਰੇਗਾ। ਨਾਲ ਹੀ ਇਹ ਵੀ ਦੱਸਿਆ ਗਿਆ ਕਿ ਸਰਕਾਰ ਸਥਿਤੀ 'ਤੇ ਪੂਰੀ ਨਜ਼ਰ ਰੱਖ ਰਹੀ ਹੈ।