ਉੱਤਰੀ ਕੋਰੀਆ ਨੂੰ ਵੱਡੀ ਰਾਹਤ, ਹਟਾਈ ਜਾਵੇਗੀ ਮਨੁੱਖੀ ਸਹਾਇਤਾ ''ਤੇ ਲੱਗੀ ਪਾਬੰਦੀ

08/03/2018 10:51:19 PM

ਵਾਸ਼ਿੰਗਟਨ/ਸੰਯੁਕਤ ਰਾਸ਼ਟਰ — ਉੱਤਰੀ ਕੋਰੀਆ 'ਚ ਮਨੁੱਖੀ ਸਹਾਇਤਾ ਮੁਹੱਈਆ ਕਰਾਉਣ ਦੇ ਰਾਹ 'ਚ ਰੋੜਾ ਬਣੀਆਂ ਸਖਤ ਪਾਬੰਦੀਆਂ ਨੂੰ ਨਰਮ ਕਰਨ ਦੇ ਲਿਹਾਜ਼ੇ ਨਾਲ ਅਮਰੀਕਾ ਵੱਲੋਂ ਲਿਆਂਦੇ ਗਏ ਪ੍ਰਸਤਾਵ ਦਾ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਸਮਰਥਨ ਕਰੇਗਾ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਮੁਤਾਬਕ ਉੱਤਰੀ ਕੋਰੀਆ 'ਚ ਮਨੁੱਖੀ ਸਹਾਇਤਾ ਸੰਕਟ ਕਾਰਨ ਦੇਸ਼ ਦੀ ਅੱਧੀ ਆਬਾਦੀ ਕਰੀਬ 1 ਕਰੋੜ ਲੋਕ ਕੁਪੋਸ਼ਣ ਦੀ ਸ਼ਿਕਾਰ ਹੈ। ਉਥੇ ਪਿਛਲੇ ਸਾਲ ਉੱਤਰੀ ਕੋਰੀਆ 'ਚ ਭੋਜਨ ਉਤਪਾਦਨ 'ਚ ਵੀ ਕਮੀ ਆਈ ਹੈ। 
ਸੰਯੁਕਤ ਰਾਸ਼ਟਰ ਦੇ ਪ੍ਰਸਤਾਵਾਂ 'ਚ ਸਾਫ ਤੌਰ 'ਤੇ ਇਹ ਕਿਹਾ ਗਿਆ ਹੈ ਕਿ ਪਾਬੰਦੀਆਂ ਦਾ ਮਨੁੱਖੀ ਸਹਾਇਤਾ 'ਤੇ ਕੋਈ ਗਲਤ ਪ੍ਰਭਾਵ ਨਹੀਂ ਹੋਣਾ ਚਾਹੀਦਾ, ਪਰ ਰਾਹਤ ਪਹੁੰਚਾਉਣ ਵਾਲੇ ਸੰਗਠਨਾਂ ਦਾ ਤਰਕ ਹੈ ਕਿ ਕਾਰੋਬਾਰ ਅਤੇ ਬੈਂਕਿੰਗ ਦੇ ਸਖਤ ਨਿਯਮ ਅਤੇ ਕਦਮਾਂ ਕਾਰਨ ਲਾਜ਼ਮੀ ਸਪਲਾਈ 'ਚ ਪਰੇਸ਼ਾਨੀਆਂ ਪੈਦਾ ਹੋ ਰਹੀਆਂ ਹਨ। ਦਸਤਾਵੇਜ਼ ਮੁਤਾਬਕ ਪਿਛਲੇ ਮਹੀਨੇ ਅਮਰੀਕਾ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ 'ਚ ਰਾਹਤ ਸੰਗਠਨਾਂ ਅਤੇ ਸਰਕਾਰਾਂ ਨੂੰ ਇਹ ਸਾਫ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਸੰਯੁਕਤ ਰਾਸ਼ਟਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਤੋਂ ਉੱਤਰੀ ਕੋਰੀਆ ਨੂੰ ਛੋਟ ਦੇਵੇ। ਸੰਯੁਕਤ ਰਾਸ਼ਟਰ ਦੀ ਕਮੇਟੀ ਇਨ੍ਹਾਂ ਨਵੇਂ ਦਿਸ਼ਾ-ਨਿਰਦੇਸ਼ਾਂ ਨੂੰ ਸੋਮਵਾਰ ਨੂੰ ਮਨਜ਼ੂਰੀ ਦੇ ਸਕਦੀ ਹੈ।